ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਯੂਨੀਵਰਸਿਟੀ ਵਿਖੇ ਬਣਾਈ ਜਾਣ ਵਾਲੀ ਫ਼ੂਡ ਪ੍ਰੋਸੈਸਿੰਗ ਯੂਨਿਟ ਦੀ ਇਮਾਰਤ ਦੇ ਨਿਰਮਾਣ ਦੀ ਕਹੀ ਨਾਲ ਟੱਕ ਲਾ ਕੇ ਸ਼ੁਰੂਆਤ ਕੀਤੀ। ਇਹ ਇਮਾਰਤ ਬਾਇਟੈਕਨੌਲਜੀ ਅਤੇ ਫੂਡ ਟੈਕਨੌਲਜੀ ਵਿਭਾਗ ਵਿਖੇ ਬਣਾਈ ਜਾ ਰਹੀ ਹੈ। ਫੂਡ ਪ੍ਰੋਸੈਸਿੰਗ ਯੂਨਿਟ ਦੀ ਇਹ ਇਮਾਰਤ ਦਾ ਨਿਰਮਾਣ ਚਾਰ ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਸ ਲਈ ਇੱਕ ਕਰੋੜ ਰੁਪਏ ਤੋਂ ਵੱਧ ਖਰਚ ਆਉਣ ਦਾ ਅਨੁਮਾਨ ਹੈ। ਇਹ ਰਾਸ਼ੀ ਰੂਸਾ ਦੀ ਗਰਾਂਟ ਵਿੱਚੋਂ ਖਰਚੀ ਜਾਣੀ ਹੈ। ਇਸ ਮੌਕੇ ਇੰਡੀਅਨ ਇੰਸਟੀਚੂਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਇਸਰ) ਮੋਹਾਲੀ ਦੇ ਬਾਨੀ ਡਾਇਰੈਕਟਰ ਪ੍ਰੋ. ਐਨ. ਸਤਿਆਮੂਰਤੀ ਵੀ ਹਾਜ਼ਰ ਸਨ ਜੋ ਯੂਨੀਵਰਸਿਟੀ ਵਿਖੇ ਇੱਕ ਵਿਸ਼ੇਸ਼ ਭਾਸ਼ਣ ਦੇਣ ਲਈ ਆਏ ਹੋਏ ਸਨ।
ਪ੍ਰੋ. ਅਰਵਿੰਦ ਨੇ ਦੱਸਿਆ ਕਿ ਇਹ ਆਪਣੇ ਆਪ ਵਿੱਚ ਨਿਵੇਕਲਾ ਕਦਮ ਹੈ। ਫ਼ੂਡ ਪ੍ਰੋਸੈਸਿੰਗ ਯੂਨਿਟ ਸਥਾਪਿਤ ਹੋਣ ਨਾਲ ਵਿਦਿਆਰਥੀਆਂ ਨੂੰ ਸਵੈ-ਰੋਜ਼ਗਾਰ ਵਾਸਤੇ ਤਿਆਰ ਕਰਨ ਲਈ ਸਿਖਲਾਈ ਵੀ ਦਿੱਤੀ ਜਾ ਸਕੇਗੀ ਕਿਉਂਕਿ ਅਚਾਰ, ਮੁਰੱਬੇ, ਚਟਣੀਆਂ ਆਦਿ ਭੋਜਨ ਪ੍ਰੋਸੈਸਿੰਗ ਦੀਆਂ ਕਿਸਮਾਂ ਵਿੱਚ ਸਵੈ-ਰੋਜ਼ਗਾਰ ਦੇ ਬਹੁਤ ਸਾਰੇ ਮੌਕੇ ਹਨ। ਇਸ ਤੋਂ ਇਲਾਵਾ ਵਿਭਾਗ ਦੇ ਅਧਿਆਪਕ ਅਤੇ ਖੋਜਾਰਥੀ ਆਪਣੇ ਖੋਜ-ਕਾਰਜਾਂ ਦੌਰਾਨ ਵੱਖ-ਵੱਖ ਕਿਸਮ ਦੇ ਭੋਜਨ ਨੂੰ ਵੱਖ-ਵੱਖ ਵਿਗਿਆਨਕ ਤਰੀਕਿਆਂ ਨਾਲ ਪ੍ਰੋਸੈੱਸ ਕਰ ਸਕਣਗੇ। ਇਸ ਨਾਲ ਉਨ੍ਹਾਂ ਦੀ ਖੋਜ ਦੇ ਨਤੀਜੇ ਹੋਰ ਬਿਹਤਰ ਹੋਣਗੇ ਜਿਸ ਨਾਲ ਪੰਜਾਬੀ ਯੂਨੀਵਰਸਿਟੀ ਦਾ ਨਾਮ ਹੋਰ ਚਮਕੇਗਾ। ਉਨ੍ਹਾਂ ਵਿਭਾਗ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਯੂਨੀਵਰਸਿਟੀ ਦਾ ਫ਼ੂਡ ਟੈਕਨੋਲੌਜੀ ਵਿਭਾਗ ਸ਼ਾਨਦਾਰ ਕਾਰਜ ਕਰ ਰਿਹਾ ਹੈ। ਵਿਭਾਗ ਮੁਖੀ ਡਾ. ਬਲਵਿੰਦਰ ਸਿੰਘ ਸੂਚ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਵਿਭਾਗ ਦੇ ਅਧਿਆਪਕਾਂ ਅਤੇ ਖੋਜਾਰਥੀਆਂ ਨੇ ਆਪਣੀ ਖੋਜ ਦੀ ਬਦੌਲਤ ਕਈ ਪੇਟੈਂਟ ਆਪਣੇ ਨਾਂਅ ਕੀਤੇ ਹਨ। ਪਿਛਲੇ ਸਮੇਂ ਹੋਈਆਂ ਕੁੱਝ ਖੋਜਾਂ ‘ਟੈਕਨੌਲਜੀ ਟਰਾਂਸਫ਼ਰ’ ਦੇ ਪੱਧਰ ਤੱਕ ਵੀ ਪਹੁੰਚੀਆਂ ਹਨ। ਜ਼ਿਕਰਯੋਗ ਹੈ ਕਿ ਇਸੇ ਵਿਭਾਗ ਦੀ ਖੋਜ ਟੀਮ ਵੱਲੋਂ ਤਿਆਰ ਕੀਤੇ ਗਏ ਫਾਰਮੂਲੇ ਨਾਲ ਵੇਰਕਾ ਵੱਲੋਂ ਅੱਜਕਲ੍ਹ ਆਪਣਾ ‘ਹਲਦੀ-ਦੁੱਧ’ ਤਿਆਰ ਕਰ ਕੇ ਵੇਚਿਆ ਜਾ ਰਿਹਾ ਹੈ।