ਫ਼ਤਹਿਗੜ੍ਹ ਸਾਹਿਬ : ਪੰਜਾਬ ਸਰਕਾਰ ਵੱਲੋਂ ਖੇਤੀ ਵਿਭਿੰਨਤਾ ਅਧੀਨ ਡੇਅਰੀ ਦੇ ਧੰਦੇ ਨੂੰ ਉਤਸਾਹਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਦੇ ਮੰਤਵ ਨਾਲ 19 ਫਰਵਰੀ ਤੋਂ ਡੇਅਰੀ ਉੱਦਮ ਸਿਖਲਾਈ ਕੋਰਸ ਦਾ ਛੇਵਾਂ ਬੈਚ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਲਈ 12 ਫਰਵਰੀ ਨੂੰ ਡੇਅਰੀ ਸਿਖਲਾਈ ਕੇਂਦਰ ਬੀਜਾ ਅਤੇ ਚਤਾਮਲੀ ਦੇ ਦਫ਼ਤਰ ਵਿਖੇ ਕਾਂਊਸਲਿੰਗ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਡੇਅਰੀ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਸ਼੍ਰੀ ਦਲਬੀਰ ਕੁਮਾਰ ਨੇ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਸਿਖਿਆਰਥੀਆਂ ਲਈ ਡੇਅਰੀ ਸਿਖਲਾਈ ਕੇਂਦਰ ਬੀਜਾ ਅਤੇ ਡੇਅਰੀ ਸਿਖਲਾਈ ਕੇਂਦਰ ਚਤਾਮਲੀ ਵਿਖੇ ਸਿਖਲਾਈ ਦਿੱਤੀ ਜਾਵੇਗੀ। ਡਿਪਟੀ ਡਾਇਰੈਕਟਰ ਨੇ ਹੋਰ ਦੱਸਿਆ ਕਿ ਇਸ ਸਿਖਲਾਈ ਵਿੱਚ ਭਾਗ ਲੈਣ ਵਾਲਾ ਸਿਖਿਆਰਥੀ ਪੇਂਡੂ ਖੇਤਰ ਦਾ ਹੋਣਾ ਚਾਹੀਦਾ ਹੈ ਅਤੇ ਉਸ ਦੀ ਉਮਰ 18-55 ਸਾਲ ਤੇ ਵਿਦਿਅਕ ਯੋਗਤਾ ਘੱਟੋ ਘੱਟ 10ਵੀਂ ਪਾਸ ਹੋਣਾ ਚਾਹੀਦਾ ਹੈ। ਸਿਖਿਆਰਥੀ ਕੋਲ 05 ਦੁਧਾਰੂ ਪਸ਼ੂ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਚਾਹਵਾਨ ਸਿਖਿਆਰਥੀ ਆਪਣੀ ਯੋਗਤਾ ਸਰਟੀਫਿਕੇਟ, ਆਧਾਰ ਕਾਰਡ, ਜਾਤੀ ਸਰਟੀਫਿਕੇਟ ਅਤੇ ਇੱਕ ਪਾਸਪੋਰਟ ਸਾਇਜ ਫੋਟੋ ਲੈ ਕੇ ਦਫ਼ਤਰ ਵਿਖੇ ਪਹੁੰਚ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਵਿੱਚ ਦੁਧਾਰੂ ਪਸ਼ੂਆਂ ਦੀ ਖਰੀਦ ਤੋਂ ਲੈ ਕੇ ਰੱਖ-ਰਖਾਵ, ਖਾਦ ਖੁਰਾਕ, ਨਸਲ ਸੁਧਾਰ, ਸਾਂਭ ਸੰਭਾਲ ਅਤੇ ਸੁਚੱਜੇ ਮੰਡੀਕਰਨ ਤੇ ਏ.ਆਈ. ਦੇ ਪ੍ਰੈਕਟੀਕਲ ਆਦਿ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਹੋਰ ਦੱਸਿਆ ਕਿ ਵਿਭਾਗ ਵੱਲੋਂ 02 ਤੋਂ 20 ਪਸ਼ੂਆਂ ਦੇ ਯੁਨਿਟ ਲਈ ਜਨਰਲ ਵਰਗ ਨੂੰ 25 ਫੀਸਦੀ ਅਤੇ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ 33 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਸਿਖਲਾਈ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਇਸ ਵਿੱਚ ਦਾਖਲਾ ਕਰਵਾਉਣ। ਵਧੇਰੇ ਜਾਣਕਾਰੀ ਹਾਸਲ ਕਰਨ ਵਾਸਤੇ ਮੋਬਾਇਲ ਨੰ: 96530-31054 ਅਤੇ82830-45015 ਤੇ ਸੰਪਰਕ ਕੀਤਾ ਜਾ ਸਕਦਾ ਹੈ।