ਮਾਲੇਰਕੋਟਲਾ : ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸੱਦੇ ’ਤੇ ਡਵੀਜ਼ਨ ਪੱਧਰੀ ਰੋਸ ਰੈਲੀ ਮੰਡਲ ਦਫ਼ਤਰ ਦੇ ਗੇਟ ’ਤੇ ਕੀਤੀ ਗਈ। ਇਸ ਗੇਟ ਰੈਲੀ ਵਿੱਚ ਦੋਵਾਂ ਧਿਰਾਂ ਦੇ ਆਗੂਆ ਅਤੇ ਵਰਕਰਾਂ ਤੋਂ ਇਲਾਵਾ ਭਰਾਤਰੀ ਜੱਥੇਬੰਦੀਆਂ ਦੇ ਆਗੂ/ਵਰਕਰ ਸ਼ਾਮਲ ਹੋਏ। ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਦੋਵਾਂ ਧਿਰਾਂ ਵੱਲੋਂ ਦਿੱਤੇ ਸੰਘਰਸ਼ ਪ੍ਰੋਗਰਾਮ ਦੀ ਲੜੀ ਵਿੱਚ ਇਹ ਡਵੀਜ਼ਨ ਪੱਧਰੀ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ । ਇਸ ਤੋਂ ਬਾਅਦ ਮਿਤੀ 20-02-2024 ਨੂੰ ਬਿਜਲੀ ਮੰਤਰੀ ਦੀ ਰਿਹਾਇਸ਼ ਅੱਗੇ ਅੰਮ੍ਰਿਤਸਰ ਵਿਖੇ ਵਿਸ਼ਾਲ ਸੂਬਾਈ ਧਰਨਾ ਦਿੱਤਾ ਜਾਵੇਗਾ । ਮਿਤੀ 16-02-2024 ਨੂੰ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਹੋ ਰਹੀ ਇੱਕ ਰੋਜ਼ਾ ਭਾਰਤ ਪੱਧਰ ਦੀ ਹੜਤਾਲ ਦੀ ਪੁਰਜ਼ੋਰ ਹਮਾਇਤ ਕੀਤੀ ਗਈ । ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦੇ ਖਿਲਾਫ ਹੋ ਰਹੀ ਇਸ ਹੜਤਾਲ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਦਾ ਫ਼ੈਸਲਾ ਕੀਤਾ ਗਿਆ । ਪਾਵਰਕਾਮ ਦੀ ਮੈਨਜਮੈਂਟ ਸੀ.ਆਰ.ਏ.295/19 ਦੇ ਮਸਲੇ ’ਤੇ ਜੱਥੇਬੰਦੀਆਂ ਨੂੰ ਸਟੇਟਸ-ਕੋ ਦਾ ਬਹਾਨਾ ਲਾ ਰਹੀ ਹੈ । ਜਦੋਂ ਕਿ ਸਟੇਟਸ-ਕੋ ਤੋੜਕੇ 25 ਮੁਲਾਜ਼ਮਾਂ ਦੀਆਂ ਸੇਵਾਵਾਂ ਖ਼ਤਮ ਕੀਤੀਆਂ ਗਈਆਂ ਹਨ । ਅੱਜ ਦੀ ਇਸ ਰੈਲੀ ਵਿੱਚ ਸੀ.ਆਰ.ਏ.295/19 ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਰੈਗੂਲਰ ਸਕੇਲ ਦੇ ਕੇ ਰਿਲੀਜ਼ ਕਰਨ ਦੀ ਮੰਗ ਕੀਤੀ ਗਈ । ਇਸ ਤੋਂ ਇਲਾਵਾ ਦਿੱਤੇ ਮੰਗ-ਪੱਤਰ ਵਿੱਚ ਦਰਜ ਬਾਕੀ ਮੰਗਾਂ ਵੀ ਹੱਲ ਕਰਨ ਦੀ ਮੰਗ ਕੀਤੀ ਗਈ । ਅੱਜ ਦੀ ਇਸ ਗੇਟ ਰੈਲੀ ਨੂੰ ਰਤਨ ਸਿੰਘ, ਸ਼ਿਆਮ ਲਾਲ, ਜਰਨੈਲ ਸਿੰਘ, ਜਸਵੀਰ ਸਿੰਘ ਧਾਲੀਵਾਲ, ਕੌਰ ਸਿੰਘ ਸੋਹੀ, ਚਮਨਦੀਪ ਸਿੰਘ, ਜਗਮੇਲ ਸਿੰਘ, ਨਰਿੰਦਰ ਕੁਮਾਰ, ਜਸਵੀਰ ਸਿੰਘ ਨੌਧਰਾਣੀ ਆਦਿ ਆਗੂਆਂ ਨੇ ਸੰਬੋਧਨ ਕੀਤਾ।