ਪਟਿਆਲਾ : ਨਵੀਂ ਤਕਨੀਕ ਦੀ ਮਦਦ ਨਾਲ ਰਵਾਇਤੀ ਦਾਸਤਕਾਰੀ ਨੂੰ ਅਧੁਨਿਕ ਰੂਪ ਦੇਣ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਵਰਤਮਾਨ ਸਮੇਂ ਪੁਰਣੀ ਅਤੇ ਨਵੀਂ ਦਸਤਕਾਰੀ ਦੇ ਸੁਮੇਲ ਨਾਲ ਅੱਗੇ ਵਧਣ ਦੀ ਜ਼ਰੂਰਤ ਹੈ ਤਾਂ ਜੋ ਪੁਰਾਣੇ ਉਤਪਾਦਾਂ ਨੂੰ ਨਵੇਂ ਰੂਪ ਵਿੱਚ ਵਧੀਆ ਅਤੇ ਅਕ੍ਰਸ਼ਿਤ ਢੰਗ ਨਾਲ ਪੇਸ਼ ਕੀਤਾ ਜਾ ਸਕੇ। ਅੱਜ ਯੂਨੀਵਰਸਿਟੀ ਵਿੱਚ ਮਹਿਲਾ ਸਿਖਿਆਰਥੀਆਂ ਲਈ 15 ਦਿਨਾਂ ਵਰਕਸ਼ਾਪ ਦਾ ਉਦਘਾਟਨ ਕਰਦੇ ਹੋਏ ਉਨ੍ਹਾਂ ਕਿ ਨਵਾਂ ਉੱਦਮ ਸ਼ੁਰੂ ਕਰਨ ਵੇਲੇ ਉਤਰਾਅ-ਚੜ੍ਹਾਅ ਆਉਂਦੇ ਹਨ ਪਰ ਇਸ ਦੌਰਾਨ ਦਿੱਲ ਛੱਡਣ ਦੀ ਕੋਈ ਲੋੜ ਨਹੀਂ ਹੈ।
ਕੋਈ ਵੀ ਉੱਦਮੀ ਹੌਂਸਲੇ ਅਤੇ ਮਿਹਨਤ ਦੇ ਨਾਲ ਹੀ ਅੱਗੇ ਵਧ ਸਕਦਾ ਹੈ ਅਤੇ ਇਹ ਹੀ ਸਫ਼ਲਤਾ ਦਾ ਮੂਲ ਮੰਤਰ ਹੈ। ਉਨ੍ਹਾਂ ਨੇ ਇਸ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਕਿਹਾ ਕਿ ਦਸਤਕਾਰੀ ਦੇ ਸਵਾਲ ’ਤੇ ਸਾਨੂੰ ਪੁਰਾਣੀਆਂ ਗੱਲਾਂ ’ਤੇ ਨਹੀਂ ਖੜ੍ਹੇ ਰਹਿਣਾ ਚਾਹੀਦਾ ਹੈ। ਇਹ ਅਧੁਨਿਕ ਯੁਗ ਹੈ ਜਿਸ ਕਰਕੇ ਪੁਰਾਣੀ ਦਸਤਕਾਰੀ ਨੂੰ ਨਵੇਂ ਰੂਪ ਵਿੱਚ ਪੇਸ਼ ਕਰਕੇ ਹੀ ਸਫ਼ਲਤਾ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਨਵੇਂ ਵਿਚਾਰਾਂ ਨੂੰ ਦਿਮਾਗ ਵਿੱਚ ਲਿਆਉਣ ਅਤੇ ਉਨ੍ਹਾਂ ਨੂੰ ਅਮਲੀ ਰੂਪ ਦੇਣ ਨਾਲ ਹੀ ਅੱਗੇ ਵਧਿਆ ਜਾ ਸਕਦਾ ਹੈ। ਇਸ ਸਬੰਧ ਵਿੱਚ ਉਨ੍ਹਾਂ ਨੇ ਨਵੀਂ ਤਕਨੋਲੋਜੀ ਅਤੇ ਤਕਨੀਕਾਂ ਨੂੰ ਆਪਨਾਉਣਾ ਸਮੇਂ ਦੀ ਲੋੜ ਦੱਸਿਆ।
ਪ੍ਰੋ. ਅਰਵਿੰਦ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਨੌਜਵਾਨਾਂ ਦੇ ਸਵੈ ਰੋਜ਼ਗਾਰ ਵਾਸਤੇ ਨਵੇਂ ਤੋਂ ਨਵੇਂ ਪ੍ਰੋਗਰਾਮ ਲਿਆਂਦੇ ਜਾ ਰਹੇ ਹਨ। ਇਸ ਸਬੰਧ ਵਿੱਚ ਹੀ ਅਜੇ ਕੱਲ੍ਹ ਫੂਡ ਪ੍ਰੋਸੈਸਿੰਗ ਯੂਨਿਟ ਦੀ ਬਣਨ ਵਾਲੀ ਇਮਰਾਤ ਦੇ ਨਿਰਮਾਣ ਦੀ ਸ਼ੁਰੂਆਤ ਕੀਤੀ ਹੈ ਜਿਥੇ ਬੱਚਿਆਂ ਨੂੰ ਫੂਡ ਪ੍ਰੋਸੈਸਿੰਗ ਦੀ ਸਿਖਲਾਈ ਦਿੱਤੀ ਜਾਵੇਗੀ। ਵਾਈਸ ਚਾਂਸਲਰ ਨੇ ਸਿਖਿਆਰਥੀਆਂ ਨੂੰ ਨੌਕਰੀਆਂ ਪਿੱਛੇ ਭੱਜਣ ਦੀ ਥਾਂ ਸਵੈ ਰੋਜ਼ਗਾਰ ’ਤੇ ਆਪਣਾ ਧਿਆਨ ਕੇਂਦਰਤ ਕਰਨ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਨਵੇਂ ਉਦਮ ਸ਼ੁਰੂ ਕਰਨ ਦੀਆਂ ਇਸ ਸਮੇਂ ਬਹੁਤ ਸੰਭਾਵਨਾਵਾਂ ਹਨ। ਉਨ੍ਹਾਂ ਨੇ ਸਿਖਿਆਰਥੀਆਂ ਵੱਲੋਂ ਤਿਆਰ ਕੀਤੀਆਂ ਜਾਣ ਵਾਲੀਆਂ ਵਸਤਾਂ ਲਈ ਯੂਨੀਵਰਸਿਟੀ ਵਿੱਚ ਵਿਕਰੀ ਕੇਂਦਰ ਖੋਲ੍ਹਣ ਵੀ ਐਲਾਨ ਕੀਤਾ।
ਇਸ ਤੋਂ ਪਹਿਲਾਂ ਇਸ ਪ੍ਰੋਗਰਾਮ ਦੇ ਇੰਚਾਰਜ ਡਾ. ਬਲਵਿੰਦਰ ਸਿੰਘ ਸੂਚ ਨੇ ਦੱਸਿਆ ਕਿ ਇਹ ਦਸਤਕਾਰੀ ਵਰਕਸ਼ਾਪ 15 ਦਿਨ ਦੀ ਹੋਵੇਗੀ ਅਤੇ ਇਸ ਵਿੱਚ 30 ਬੱਚਿਆਂ ਨੂੰ ਸਿਖਲਾਈ ਦਿੱਤੇ ਜਾਵੇਗੀ। ਇਸ ਤੋਂ ਬਾਅਦ ਇਸ ਸਿਖਲਾਈ ਦੇ ਲਗਾਤਾਰ ਬੈਚ ਚੱਲਣਗੇ। ਉਨ੍ਹਾਂ ਕਿਹਾ ਇਸ ਵਿੱਚ ਰੂਰਲ ਇੰਟਰਪਨਿਓਰਸ਼ਿਪ ’ਤੇ ਧਿਆਨ ਕੇਂਦਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿਖਿਆਰਥੀਆਂ ਵੱਲੋਂ ਤਿਆਰ ਕੀਤੇ ਜਾਣ ਵਾਲੇ ਉਤਪਾਦਾਂ ਦੀ ਕੀਮਤ ਯੂਨੀਵਰਸਿਟੀ ਨਿਰਧਾਰ ਕਰੇਗੀ ਅਤੇ ਇਨ੍ਹਾਂ ਦੀ ਵਿਕਰੀ ਵਿੱਚ ਮਦਦ ਕਰੇਗੀ। ਇਸ ਦੌਰਾਨ ਯੂਨੀਵਰਸਿਟੀ ਦੀ ਰਜਿਸਟਰਾਰ ਡਾ. ਨਵਜੋਤ ਕੌਰ ਨੇ ਔਰਤਾਂ ਦੇ ਆਰਥਿਕ ਤੌਰ ’ਤੇ ਆਤਮ ਨਿਰਭਰ ਹੋਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਇਹ ਉਦਮ ਔਰਤਾਂ ਨੂੰ ਅੱਗੇ ਲਿਜਾਣ ਅਤੇ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਆਤਮ ਨਿਰਭਰ ਹੋਣ ਲਈ ਪ੍ਰੇਰਿਤ ਕਰੇਗਾ। ਇਸ ਦੌਰਾਨ ਸੰਚਾਲਕ ਡਾ. ਨੈਨਾ ਸ਼ਰਮਾ ਨੇ ਇਸ ਪ੍ਰੋਗਰਾਮ ਬਾਰੇ ਵਿਸਤ੍ਰਤ ਜਾਣਕਾਰੀ ਦਿੱਤੀ।