ਮਾਲੇਰਕੋਟਲਾ : ਪਿਛਲੇ ਕਈ ਦਿਨਾਂ ਤੋਂ ਵੱਖ ਵੱਖ ਮਾਮਲਿਆਂ 'ਚ ਗ੍ਰਿਫ਼ਤਾਰ ਕੀਤਾ ਪ੍ਰਸਿੱਧ ਬਲਾਗਰ ਕਾਕਾ ਸਿੰਘ ਉਰਫ਼ ਭਾਨਾ ਸਿੱਧੂ ਅੱਜ ਬਾਅਦ ਦੁਪਹਿਰ ਕਰੀਬ ਇੱਕ ਵਜੇ ਸਬ ਜੇਲ੍ਹ ਮਾਲੇਰਕੋਟਲਾ ਤੋਂ ਰਿਹਾਅ ਹੋ ਗਿਆ। ਸਬ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੀ ਰਿਹਾਈ ਲਈ ਅਕਾਲ ਪੁਰਖ ,ਲੱਖੇ ਸਿਧਾਣੇ, ਸਿੱਖ, ਕਿਸਾਨ ਮਜ਼ਦੂਰ, ਜਥੇਬੰਦੀਆਂ ਅਤੇ ਔਰਤਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਨਸਾਫ਼ ਅਤੇ ਸੱਚ ਦੀ ਆਵਾਜ਼ ਦਾ ਸਾਥ ਦਿੱਤਾ। ਉਸ ਨੇ 28 -28 ਸਾਲਾਂ ਤੋਂ ਡਿਬਰੂਗੜ੍ਹ ਸਮੇਤ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ 'ਚ ਬੰਦ ਸਿੱਖ ਨੌਜਵਾਨਾਂ ਨੂੰ ਯਾਦ ਕਰਦਿਆਂ ਕਿਹਾ ਉਹ ਪੰਜਾਬ ਲਈ ਹਮੇਸ਼ਾ ਹੀ ਲੜਦਾ ਰਹੇਗਾ ਭਾਵੇਂ ਉਸ ਨੂੰ ਜਾਨ ਵੀ ਕਿਉਂ ਨਾ ਦੇਣੀ ਪਏ।ਭਾਨਾ ਸਿੱਧੂ ਨੇ ਕਿਹਾ ਕਿ ਉਹ ਦਿੱਲੀ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਵੇਗਾ। ਉਸ ਦੇ ਦਾਦਾ ਨੇ ਵੀ 60 ਸਾਲ ਕਿਸਾਨ ਅੰਦੋਲਨਾਂ 'ਚ ਸਰਗਰਮ ਭੂਮਿਕਾ ਨਿਭਾਈ ਹੈ। ਉਸ ਨੇ ਕਿਹਾ ਕਿ ਉਹ ਕਿਸਾਨੀ ਤੇ ਪੰਜਾਬ ਲਈ ਮਰ ਮਿਟਣ ਨੂੰ ਵੀ ਤਿਆਰ ਹੈ। ਉਸ ਨੇ ਕਿਹਾ ਕਿ ਉਹ ਆਪਣੇ ਪਿੰਡ ਵਿਖੇ ਸਿੱਖ, ਕਿਸਾਨ ,ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਦੀ ਮੌਜੂਦਗੀ ਵਿੱਚ ਉਸ ਉਪਰ ਹੋਏ ਕਥਿਤ ਤਸ਼ੱਦਦ ,ਜਿਸ ਵਿੱਚ ਉਸ ਦੀ ਕੁੱਟਮਾਰ ਕਰਨ, ਬਰਫ਼ 'ਤੇ ਪਾਉਣ, ਨੰਗਾ ਕਰਕੇ ਬਣਾਈਆਂ ਵੀਡੀਓਜ਼ ਦਾ ਸਬੂਤਾਂ ਸਮੇਤ ਖ਼ੁਲਾਸਾ ਕਰੇਗਾ।ਇਹ ਖ਼ੁਲਾਸੇ ਪੰਜਾਬ ਨੂੰ ਦੱਸਣੇ ਅਤੇ ਪੰਜਾਬੀਆਂ ਲਈ ਸੁਣਨੇ ਵੀ ਬੜੇ ਜ਼ਰੂਰੀ ਹਨ।ਇਸ ਮੌਕੇ ਭਾਨਾਂ ਸਿੱਧੂ ਦਾ ਭਰਾ ਅਮਨ ਸਿੱਧੂ ਅਤੇ ਭਾਨਾਂ ਸਿੱਧੂ ਦੇ ਕੁਝ ਹਮਾਇਤੀ ਹਾਜ਼ਰ ਸਨ।