ਸੁਨਾਮ : ਕਿਸਾਨੀ ਮੰਗਾਂ ਦੀ ਪੂਰਤੀ ਲਈ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਵੱਲੋਂ 13 ਫਰਵਰੀ ਨੂੰ ਦਿੱਲੀ ਚੱਲੋ ਦੇ ਸੱਦੇ ਤਹਿਤ ਸੰਗਰੂਰ ਜ਼ਿਲ੍ਹੇ ਦੇ ਪਿੰਡਾਂ ਵਿੱਚੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਕਾਰਕੁੰਨ ਦਿੱਲੀ ਵੱਲ ਟਰੈਕਟਰ ਟਰਾਲੀਆਂ ਦੇ ਕਾਫ਼ਲੇ ਨਾਲ ਰਵਾਨਾ ਹੋਏ। ਦਿੱਲੀ ਮੋਰਚਾ 2 ਲਾਉਣ ਦਾ ਐਲਾਨ ਕੀਤਾ ਹੈ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਦਿੱਲੀ ਕੂਚ ਲਈ ਨੌਜਵਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਟਰੈਕਟਰਾਂ ਤੇ ਸਪੀਕਰ ਲਾਕੇ ਪਹਿਲਾਂ ਵਾਲੇ ਕਿਸਾਨ ਅੰਦੋਲਨ ਦਾ ਰੰਗ ਬੰਨ੍ਹਿਆ ਟਰੈਕਟਰਾਂ ਤੇ ਸਪੀਕਰਾਂ ਵਿੱਚ ਓਹੀ ਗੀਤ ਗੂੰਜਦੇ ਰਹੇ ਖਿੱਚਲਾ ਜੱਟਾ ਖਿੱਚ ਤਿਆਰੀ ਪੇਚਾ ਪੈ ਗਿਆ ਸੈਂਟਰ ਨਾਲ । ਜਥੇਬੰਦੀ ਦੇ ਸੂਬਾ ਕਾਰਜਕਾਰੀ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਬੋਲਦਿਆਂ ਕਿਹਾ ਪਿਛਲੇ ਇਤਿਹਾਸਕ ਦਿੱਲੀ ਅੰਦੋਲਨ ਦੌਰਾਨ ਕੇਂਦਰ ਸਰਕਾਰ ਨਾਲ ਰਹਿੰਦੀਆਂ ਮੰਗਾਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਸੀ 2 ਦੇ ਫਾਰਮੂਲੇ ਤਹਿਤ ਕਿਸਾਨਾਂ ਨੂੰ ਫਸਲਾਂ ਦੇ ਭਾਅ ਦੇਣ, ਕਿਸਾਨਾਂ ਮਜ਼ਦੂਰਾਂ ਦੀ ਸੰਪੂਰਨ ਕਰਜ਼ਾ ਮੁਕਤੀ, ਅੰਦੋਲਨ ਦੌਰਾਨ ਸ਼ਹੀਦ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਤੇ ਮੁਆਵਜ਼ੇ ਦੀ ਮੰਗ, ਬਿਜਲੀ ਬਿੱਲ 2020 ਨੂੰ ਸਰਕਾਰ ਟੇਢੇ ਢੰਗ ਨਾਲ ਲਾਗੂ ਕਰ ਰਹੀ ਹੈ ਉਹਨੂੰ ਰੱਦ ਕਰਵਾਉਣ ਦੀ ਮੰਗ, ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ, ਫਸਲਾਂ ਦੇ ਭਾਅ ਦਾ ਐਮ ਐਸ ਪੀ ਗਾਰੰਟੀ ਕਨੂੰਨ ਬਣਾਉਣ ਦੀ ਮੰਗ, ਪ੍ਰਦੂਸ਼ਣ ਕਾਨੂੰਨ ਵਿੱਚੋਂ ਕਿਸਾਨੀ ਨੂੰ ਬਾਹਰ ਰੱਖਣ ਦੀ ਮੰਗ ਸਮੇਤ ਹੋਰਨਾਂ ਮੰਗਾਂ ਦੀ ਪੂਰਤੀ ਲਈ ਦਿੱਲੀ ਮੋਰਚਾ ਲਾਉਣਾ ਪਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਨੌਜਵਾਨ ਵਰਗ ਅੰਦਰ ਭਾਰੀ ਨਿਰਾਸ਼ਤਾ ਪਾਈ ਜਾ ਰਹੀ ਹੈ। ਇਸ ਮੌਕੇ ਜ਼ਿਲ੍ਹਾ ਕਾਰਜਕਾਰੀ ਕਨਵੀਨਰ ਕੁਲਵਿੰਦਰ ਸੋਨੀ ਲੌਂਗੋਵਾਲ ਜ਼ਿਲਾ ਆਗੂ ਹੈਪੀ ਨਮੋਲ,ਅਮਰ ਸਿੰਘ ਲੌਂਗੋਵਾਲ, ਜਸਵੀਰ ਸਿੰਘ ਮੈਦੇਵਾਸ,ਸੰਤਰਾਮ ਛਾਜਲੀ, ਬਲਾਕ ਪ੍ਰਧਾਨ ਦਰਬਾਰਾ ਸਿੰਘ ਲੋਹਾਖੇੜਾ, ਸੁਖਦੇਵ ਸਿੰਘ ਲੌਂਗੋਵਾਲ, ਅਮਰਜੀਤ ਸਿੰਘ, ਜੰਗੀਰ ਸਿੰਘ ਉੱਭਾਵਾਲ, ਸੁਖਦੇਵ ਸਿੰਘ ਕਿਲਾ ਭਰੀਆਂ,ਬਿੰਦਰ ਲੌਂਗੋਵਾਲ, ਧੰਨਾ ਸਿੰਘ ਦਿਆਲਗੜ੍ਹ, ਗੁਰਦੀਪ ਸਿੰਘ ਮੰਡੇਰ ਖੁਰਦ,ਤੀਰਥ ਮੰਡੇਰ ਕਲਾਂ, ਬਲਜਿੰਦਰ ਸਿੰਘ, ਸਤਿਗੁਰ ਸਿੰਘ ਨਮੋਲ ਆਦਿ ਹਾਜ਼ਰ ਸਨ।