ਫ਼ਤਹਿਗੜ੍ਹ ਸਾਹਿਬ : ਰੋਜ਼ਾਨਾਂ ਸੜਕ ਹਾਦਸਿਆਂ ਵਿੱਚ ਅਜਾਈਂ ਜਾਂਦੀਆਂ ਅਨਮੋਲ ਮਨੁੱਖੀ ਜਾਨਾਂ ਨੂੰ ਰੋਕਣ ਲਈ ਸਾਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣੀ ਚਾਹੀਦੀ ਹੈ ਕਿਉਂਕਿ ਟਰੈਫਿਕ ਨਿਯਮਾਂ ਦੀ ਪਾਲਣਾ ਨਾਲ ਹੀ ਅਨਮੋਲ ਮਨੁੱਖੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਸੜਕ ਸੁਰੱਖਿਆ ਮਹੀਨਾ ਮਨਾਉਣ ਸਬੰਧੀ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ 15 ਫਰਵਰੀ ਤੱਕ ਸੜਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਸਿਹਤ ਵਿਭਾਗ, ਟਰੈਫਿਕ ਪੁਲਿਸ ਸਮੇਤ ਹੋਰ ਵਿਭਾਗਾਂ ਦੇ ਸਹਿਯੋਗ ਨਾਲ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਸੜਕੀ ਹਾਦਸਿਆਂ ਨੂੰ ਠੱਲ ਪਾਈ ਜਾ ਸਕੇ। ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਸਰਕਾਰ ਵੱਲੋਂ ਸੜਕੀ ਹਾਦਸਿਆਂ ਵਿੱਚ ਜਖ਼ਮੀ ਹੋਏ ਵਿਅਕਤੀਆਂ ਦੀ ਜਾਨ ਬਚਾਉਣ ਲਈ ਰੋਡ ਸੇਫਟੀ ਫੋਰਸ ਤਾਇਨਾਤ ਕੀਤੀ ਗਈ ਹੈ ਜੋ ਕਿ ਬਾਖੂਬੀ ਆਪਣੇ ਫਰਜ਼ਾਂ ਨੂੰ ਅੰਜਾਮ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਫੋਰਸ ਆਧੁਨਿਕ ਤਕਨੀਕ ਨਾਲ ਲੈਸ ਗੱਡੀਆਂ ਵਿੱਚ ਪ੍ਰਮੁੱਖ ਸੜਕਾਂ ਤੇ ਤਾਇਨਾਤ ਕੀਤੀ ਗਈ ਹੈ ਤਾਂ ਜੋ ਹਾਦਸਿਆਂ ਦੇ ਜਖ਼ਮੀਆਂ ਨੂੰ ਮੁਢਲੀ ਸਹਾਇਤਾ ਦੇ ਕੇ ਤੁਰੰਤ ਹਸਪਤਾਲ ਅੰਦਰ ਪਹੁੰਚਾਇਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਹਾਦਸਿਆਂ ਵਿੱਚ ਜਖ਼ਮੀ ਹੋਏ ਵਿਅਕਤੀਆਂ ਨੂੰ ਹਸਪਤਾਲ ਤੱਕ ਪਹੁੰਚਾਉਣ ਵਾਲੇ ਵਿਅਕਤੀਆਂ ਦਾ ਸਰਕਾਰ ਵੱਲੋਂ ਸਨਮਾਨ ਵੀ ਕੀਤਾ ਜਾਵੇਗਾ ਤਾਂ ਜੋ ਹੋਰਨਾਂ ਨੂੰ ਪ੍ਰੇਰਨਾ ਮਿਲ ਸਕੇ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਕਿਹਾ ਕਿ ਪਹਿਲਾਂ ਕਈ ਨਾਗਰਿਕ ਜਖ਼ਮੀਆਂ ਨੂੰ ਹਸਪਤਾਲ ਤੱਕ ਲੈ ਕੇ ਇਸ ਲਈ ਲੈ ਕੇ ਨਹੀਂ ਜਾਂਦੇ ਸਨ ਕਿ ਉਨ੍ਹਾਂ ਨੂੰ ਡਰ ਹੁੰਦਾ ਸੀ ਕਿ ਪੁਲਿਸ ਵੱਲੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਪ੍ਰੰਤੂ ਹੁਣ ਸਰਕਾਰ ਨੇ ਇਹ ਵੀ ਖ਼ਤਮ ਕਰ ਦਿੱਤਾ ਹੈ ਅਤੇ ਜਖ਼ਮੀਆਂ ਨੂੰ ਹਸਪਤਾਲ ਤੱਕ ਪਹੁੰਚਾਉਣ ਵਾਲੇ ਵਿਅਕਤੀਆਂ ਦੀ ਮਰਜ਼ੀ ਤੋਂ ਬਿਨਾਂ ਪੁਲਿਸ ਕੋਈ ਪੁੱਛਗਿੱਛ ਨਹੀਂ ਕਰੇਗੀ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਛੋਟੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦਾ ਵਾਹਨ ਚਲਾਉਣ ਦੀ ਆਗਿਆ ਨਾ ਦੇਣ ਅਤੇ ਉਨ੍ਹਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਬਾਰੇ ਸਖਤੀ ਨਾਲ ਜਾਗਰੂਕ ਕੀਤਾ ਜਾਵੇ। ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਟਰੈਫਿਕ ਪੁਲਿਸ ਵੱਲੋਂ ਟਰੈਫਿਕ ਨਿਯਮਾਂ ਦੀ ਪਾਲਣਾ ਸਬੰਧੀ ਸਕੂਲਾਂ, ਕਾਲਜਾਂ, ਬੱਸ ਸਟੈਂਡ, ਟਰੱਕ ਯੂਨੀਅਨ, ਟੈਂਪੂ ਯੂਨੀਅਨਾਂ ਵਿਖੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਤੇ ਸਿਹਤ ਵਿਭਾਗ ਵੱਲੋਂ ਸਕੂਲੀ ਬੱਸਾਂ ਤੇ ਜਨਤਕ ਵਾਹਨਾਂ ਦੇ ਡਰਾਈਵਰਾਂ ਦੀ ਨਜ਼ਰ ਚੱਕ ਕਰਨ ਵਾਸਤੇ ਮੈਡੀਕਲ ਕੈਂਪ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੜਕੀ ਦੁਰਘਟਨਾਵਾਂ ਅੱਜ ਇੱਕ ਗੰਭੀਰ ਮੁੱਦਾ ਬਣ ਕੇ ਸਾਹਮਣੇ ਆ ਰਿਹਾ ਹੈ ਅਤੇ ਅਕਸਰ ਸੜਕ ਹਾਦਸੇ ਟਰੈਫਿਕ ਨਿਯਮਾਂ ਦੀ ਅਣਦੇਖੀ ਕਾਰਨ ਹੀ ਵਾਪਰਦੇ ਹਨ ਇਸ ਲਈ ਇਸ ਮਾਂਹ ਦੌਰਾਨ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਮਿਲ ਕੇ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।