ਸੁਨਾਮ : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੇ ਹਰਿਆਣਾ ਨਾਲ ਲੱਗਦੇ ਏਰੀਏ ਵਿੱਚ ਇੰਟਰਨੈੱਟ ਬੰਦ ਕਰਕੇ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਲਾਤਾਂ ਵਿੱਚ ਪੰਜਾਬ ਸਰਕਾਰ ਦੀ ਕੇਂਦਰ ਨਾਲ ਮਿਲੀਭੁਗਤ ਸਾਹਮਣੇ ਆ ਰਹੀ ਹੈ। ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨੀ ਹੱਕਾਂ ਦੀ ਪੂਰਤੀ ਲਈ ਅਤੇ ਕੇਂਦਰ ਸਰਕਾਰ ਵਲੋਂ ਕੀਤੇ ਗਏ ਵਾਅਦੇ ਪੂਰੇ ਕਰਵਾਉਣ ਲਈ ਦਿੱਲੀ ਦੇ ਬਾਰਡਰ ਵੱਲ ਨੂੰ ਕੂਚ ਕੀਤਾ ਗਿਆ, ਜਿਸ ਵਿੱਚ ਐਮ ਐਸ ਪੀ ਅਤੇ ਹੋਰ ਕਿਸਾਨੀ ਲਈ ਲਾਹੇਵੰਦ ਮੰਗਾਂ ਮਨਵਾਉਣ ਸੰਘਰਸ਼ ਵਿੱਢਿਆ, ਪ੍ਰੰਤੂ ਇਸ ਸਭ ਦੇ ਵਿਚਾਲੇ ਪੰਜਾਬ ਸਰਕਾਰ ਦੀ ਭੂਮਿਕਾ ਸਵਾਲਾਂ ਦੇ ਘੇਰੇ ਵਿੱਚ ਹੈ, ਕਿਉਂਕਿ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਉੱਪਰ ਤਸੱਦਦ ਕੀਤਾ ਜਾ ਰਿਹਾ ਹੈ ਉਹ ਬਹੁਤ ਹੀ ਨਿੰਦਣਯੋਗ ਹੈ, ਅੱਜ ਕਿਸਾਨਾ ਦੀ ਆਵਾਜ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਏਰੀਏ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਗਈਆਂ, ਇਸ ਸਭ ਦੇ ਨਾਲ ਪੰਜਾਬ ਸਰਕਾਰ ਵਲੋਂ ਹਰਿਆਣਾ ਦੇ ਨਾਲ ਲੱਗਦੇ ਪੰਜਾਬ ਦੇ ਸ਼ਹਿਰਾਂ ਪਿੰਡਾਂ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰਕੇ ਪੰਜਾਬ ਸਰਕਾਰ ਕੇਂਦਰ ਅਤੇ ਹਰਿਆਣਾ ਸਰਕਾਰ ਦਾ ਸਾਥ ਦੇ ਰਹੀ ਹੈ, ਕੱਲ ਹਰਿਆਣਾ ਪੁਲਿਸ ਵਲੋਂ ਪੰਜਾਬ ਦੇ ਵਿੱਚ ਖੜੇ ਕਿਸਾਨਾਂ ਤੇ ਗੋਲੀਆਂ ਅਤੇ ਅੱਥਰੂ ਗੈਸ ਦੇ ਗੋਲੇ ਦਾਗਕੇ ਜਖ਼ਮੀ ਕੀਤਾ ਗਿਆ ਅਤੇ ਉਸ ਸਮੇਂ ਪੁਲਿਸ ਦੇ ਆਲਾ ਅਫਸਰ ਵੀ ਮੌਜੂਦ ਸਨ ਅਤੇ ਇਸ ਘਟਨਾ ਤੇ ਪੰਜਾਬ ਸਰਕਾਰ ਵਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ ਨਾ ਹੀ ਕੋਈ ਇਸ ਘਟਨਾਕ੍ਰਮ ਸਬੰਧੀ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿੱਥੇ ਇੰਟਰਨੈੱਟ ਸੇਵਾਵਾਂ ਬੰਦ ਕਰਕੇ ਕਿਸਾਨ ਸੰਘਰਸ਼ ਨੂੰ ਦੱਬਣ ਕੋਸ਼ਿਸ਼ ਕੀਤੀ ਜਾ ਰਹੀ ਹੈ, ਉੱਥੇ ਹੀ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਵੀ ਵੱਡੇ ਪੱਧਰ ਤੇ ਹੋ ਰਿਹਾ ਹੈ, ਆਉਣ ਵਾਲੇ ਦਿਨਾਂ ਵਿੱਚ ਜਿੱਥੇ ਬੱਚਿਆਂ ਦੇ ਫਾਈਨਲ ਪੇਪਰ ਹਨ ਉੱਥੇ ਹੀ ਮੈਡੀਕਲ ਕਾਲਜ ਦੇ ਦਾਖਲੇ ਲਈ ਨੀਟ ਪੇਪਰ ਅਤੇ ਇੰਜੀਨੀਅਰਿੰਗ ਦੇ ਦਾਖਲੇ ਲਈ ਜੇ ਈ ਈ ਦਾ ਪੇਪਰ ਵੀ ਆਉਣ ਵਾਲੇ ਦਿਨਾਂ ਵਿੱਚ ਹੋਣਾ ਹੈ, ਅੱਜ ਕੱਲ੍ਹ ਦੇ ਸਮੇਂ ਵਿੱਚ ਤਕਰੀਬਨ ਹਰ ਬੱਚਾ ਕੋਚਿੰਗ ਅਤੇ ਪੜ੍ਹਾਈ ਲਈ ਇੰਟਰਨੈੱਟ ਦੀ ਵਰਤੋਂ ਕਰਦਾ ਹੈ, ਜੇ ਕੁੱਝ ਕੁ ਘੰਟੇ ਵੀ ਇੰਟਰਨੈੱਟ ਬੰਦ ਰਹਿੰਦਾ ਹੈ ਤਾਂ ਬੱਚਿਆਂ ਦਾ ਬੁਹਤ ਨੁਕਸਾਨ ਹੋਇਆ ਹੈ। ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਘਰਸ਼ਸ਼ੀਲ ਲੋਕਾਂ ਦੇ ਹੱਕਾਂ ਲਈ ਸਦਾ ਡੱਟ ਕੇ ਸਾਥ ਦਿੰਦਾ ਹੈ, ਅੱਜ ਤਾਂ ਮਸਲਾ ਪੰਜਾਬ ਦੇ ਲੋਕਾਂ ਨਾਲ ਜੁੜਿਆ ਹੈ, ਕਿਸਾਨੀ ਨਾਲ ਜੁੜਿਆ ਹੈ, ਇਸ ਦੇ ਲਈ ਅਕਾਲੀ ਦਲ ਹਰ ਹੀਲੇ ਹਰ ਪੱਧਰ ਤੇ ਪੰਜਾਬ ਅਤੇ ਪੰਜਾਬੀਆਂ ਨਾਲ ਖੜਾ ਹੈ ਅਤੇ ਹਰ ਸੰਘਰਸ਼ ਵਿੱਚ ਤਨ ਮਨ ਧਨ ਨਾਲ ਸਾਥ ਦਿੰਦਾ ਹੈ ਅਤੇ ਦਿੰਦਾ ਰਹੇਗਾ। ਵਿਨਰਜੀਤ ਸਿੰਘ ਗੋਲਡੀ ਨੇ ਕੇਂਦਰ ਸਰਕਾਰ ਨੂੰ ਕਿਸਾਨੀ ਮੰਗਾ ਦਾ ਹੱਲ ਜਲਦ ਤੋਂ ਜਲਦ ਹੱਲ ਕਰਨ ਦੀ ਅਪੀਲ ਕੀਤੀ ਹੈ ਅਤੇ ਪੰਜਾਬ ਦੀ ਮੌਜੂਦਾ ਆਪ ਸਰਕਾਰ ਨੂੰ ਉਹਨਾਂ ਦੇ ਵਾਅਦੇ ਯਾਦ ਕਰਵਾਉਂਦੇ 17 ਫਸਲਾਂ ਤੇ ਐਮ ਐਸ ਪੀ ਦੇਣ ਦੀ ਮੰਗ ਕੀਤੀ ਹੈ, ਆਪ ਸਰਕਾਰ ਦਾ ਹਰ ਲੀਡਰ ਅਤੇ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਜਾਂ ਉਹਨਾਂ ਦੇ ਮੰਤਰੀਆਂ ਵਲੋਂ ਵੋਟਾਂ ਤੋਂ ਪਹਿਲਾਂ ਇਹ ਕਿਹਾ ਸੀ ਕਿ ਸਾਡੀ ਸਰਕਾਰ ਪੰਜਾਬ ਵਿਚ ਲਿਆ ਦਿਓ ਪੰਜ ਮਿੰਟ ਵਿਚ ਐਮ ਐਸ ਪੀ ਦੇਣ ਦੀ ਗਰੰਟੀ ਦਿੱਤੀ ਸੀ, ਪਰ ਅੱਜ ਉਹ ਇਸ ਬਾਰੇ ਗੱਲ ਕਰਨ ਲਈ ਤਿਆਰ ਨਹੀਂ ਹਨ।