ਮਾਲੇਰਕੋਟਲਾ : ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜਿਲ੍ਹਾ ਪੱਧਰੀ ਕਮੇਟੀ, ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ (ਪੀ.ਐਮ.ਐਮ.ਐਸ.ਵਾਈ.) ਡਾ ਪੱਲਵੀ ਦੀ ਅਗਵਾਈ ਵਿੱਚ ਮੱਛੀ ਪਾਲਣ ਵਿਭਾਗ, ਮਾਲੇਰਕੋਟਲਾ ਦਾ ਵਿੱਤੀ ਸਾਲ 2023-24 ਅਤੇ 2024-25 ਦਾ ਜ਼ਿਲ੍ਹਾ ਪੱਧਰੀ ਐਕਸ਼ਨ ਪਲਾਨ ਮੰਨਜੂਰ ਕੀਤਾ ਗਿਆ। ਇਸ ਮੌਕੇ ਸਹਾਇਕ ਡਾਇਰੈਕਟਰ ਮੱਛੀ ਪਾਲਣ ਸ੍ਰੀ ਚਰਨਜੀਤ ਸਿੰਘ,ਖੇਤੀਬਾੜੀ ਵਿਕਾਸ ਅਫ਼ਸਰ ਸ੍ਰੀ ਨਵਦੀਪ ਕੁਮਾਰ,ਲੀਡ ਬੈਂਕ ਮੈਨੇਜਰ ਸ੍ਰੀ ਪੀ.ਕੇ.ਚੋਪੜਾ,ਐਸੋਸੀਏਟ ਡਾਇਰੈਕਟਰ ਡਾ ਮਨਦੀਪ ਸਿੰਘ, ਮੱਛੀ ਪਾਲਣ ਅਫ਼ਸਰ ਲਵਪ੍ਰੀਤ ਸਿੰਘ, ਮੱਛੀ ਪਾਲਕ ਅਜਹਰ ਅਲੀ ਤੋਂ ਇਲਾਵਾ ਹੋਰ ਅਧਿਕਾਰੀ ਤੇ ਮੈਂਬਰ ਮੌਜੂਦ ਸਨ।ਇਸ ਮੌਕੇ ਸਹਾਇਕ ਡਾਇਰੈਕਟਰ ਮੱਛੀ ਪਾਲਣ,ਵੱਲੋਂ ਮੱਛੀ ਪਾਲਣ ਦੇ ਵਿਕਾਸ ਸਬੰਧੀ ਚੱਲ ਰਹੀਆ ਗਤੀਵਿਧੀਆ ਬਾਰੇ ਅਤੇ ਮੀਟਿੰਗ ਦੇ ਏਜੰਡੇ ਬਾਰੇ ਹਾਊਸ ਨੂੰ ਵਿਸਥਾਰ ਸਹਿਤ ਜਾਣੂੰ ਕਰਵਾਇਆ ਗਿਆ, ਜਿਸ ਵਿੱਚ ਸਾਲ 2023-24 ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ (ਪੀ.ਐਮ.ਐਮ.ਐਸ.ਵਾਈ.) ਦੇ ਅਪਰੂਵ ਹੋਏ ਐਕਸ਼ਨ ਪਲਾਨ ਦੀ ਸਮੀਖਿਆ ਕੀਤੀ ਗਈ।
ਇਸ ਤੋਂ ਬਆਦ ਅਗਲੇ ਸਾਲ 2024-25 ਦੇ ਐਕਸ਼ਨ ਪਲਾਨ ਲਾਗੂ ਕਰਨ ਲਈ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿੱਚ ਮੱਛੀ ਪਾਲਣ ਅਧੀਨ ਨਵਾਂ ਰਕਬਾ ਲਿਆਉਣ, ਮੱਛੀ ਦੀ ਢੋਆ ਢੁਆਈ ਲਈ ਇੰਸੁਲੇਟਿਡ ਵਾਹਨ, ਰੈਫਰੀਜਰੇਟਡ ਇੰਸੂਲੇਟਿਡ ਵਹੀਕਲਜ਼, ਮੱਛੀ ਵੇਚਣ/ਸਜਾਵਟੀ ਮੱਛੀਆਂ ਦਾ ਕਾਰੋਬਾਰ ਸ਼ੁਰੂ ਕਰਨ, ਮੱਛੀ ਫੀਡ ਮਿਲ, ਨਵੇਂ ਮੱਛੀ ਤਲਾਬਾਂ ਦੀ ਉਸਾਰੀ ਆਦਿ ਲਈ ਸਾਲ 2023-24 ਲਈ ਕੁੱਲ 13 ਲੱਖ 50 ਹਜਾਰ ਰੁਪਏ , ਅਗਲੇ ਸਾਲ 2024-25 ਲਈ ਕੁੱਲ 51 ਲੱਖ 50 ਹਜਾਰ ਰੁਪਏ ( ਦੋ ਸਾਲ ਦਾ ਕੁੱਲ 65 ਲੱਖ ) ਦਾ ਐਕਸ਼ਨ ਪਲਾਨ ਪੇਸ਼ ਕੀਤਾ ਗਿਆ।
ਸਹਾਇਕ ਡਾਇਰੈਕਟਰ ਮੱਛੀ ਪਾਲਣ ਸ੍ਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਯੋਜਨਾ ਦਾ ਮੁੱਖ ਮੰਤਵ ਜ਼ਿਲ੍ਹੇ ਵਿੱਚ ਮੱਛੀ ਪਾਲਣ ਦਾ ਵਿਕਾਸ, ਨੌਂਜਵਾਨਾ ਲਈ ਵੱਧ ਤੋਂ ਵੱਧ ਰੋਜ਼ਗਾਰ ਦੇ ਸਾਧਨ ਵਿਕਸਿਤ ਕਰਨਾ, ਕਿਸਾਨਾ ਦੀ ਆਮਦਨ ਨੂੰ ਵਧਾਉਣਾ ਤੇ ਮੱਛੀ ਨੂੰ ਘਰ-ਘਰ ਪਹੁੰਚਾਉਣਾ ਹੈ ਤੇ ਇਨ੍ਹਾਂ ਸਕੀਮਾਂ ਉਤੇ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ(ਪੀ.ਐਮ.ਐਮ.ਐਸ.ਵਾਈ.) ਅਧੀਨ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਨਰਲ ਕੈਟਾਗਰੀ ਦੇ ਲਾਭਪਾਤਰੀਆਂ ਨੂੰ ਯੂਨਿਟ ਕਾਸਟ ਦੀ 40% ਅਤੇ ਐਸ.ਸੀ./ਐਸ.ਟੀ./ ਔਰਤਾਂ ਨੂੰ ਯੂਨਿਟ ਕਾਸਟ ਦੀ 60% ਸਬਸਿਡੀ ਪ੍ਰਵਾਨ ਕੀਤੀ ਜਾਵੇਗੀ। ਉਨ੍ਹਾਂ ਹੋਰ ਦੱਸਿਆ ਕਿ ਅਗਲਾ ਮੱਛੀ ਪਾਲਣ ਪੰਜ ਰੋਜ਼ਾਂ ਟਰੇਨਿੰਗ ਕੈਂਪ ਦਾ ਆਯੋਜਨ ਮਿਤੀ 11 ਮਾਰਚ ਤੋਂ 15 ਮਾਰਚ ਤੱਕ ਦਫ਼ਤਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮਾਲੇਰਕੋਟਲਾ ਦੇ ਦਫ਼ਤਰ ਵਿਖੇ ਲਗਾਇਆ ਜਾ ਰਿਹਾ ਹੈ। ਚਾਹਵਾਨ ਮੱਛੀ ਪਾਲਣ ਦੇ ਕਿੱਤੇ ਅਤੇ ਪੰਜ ਰੋਜਾ ਕੈਂਪ ਸਬੰਧੀ ਵਧੇਰੇ ਜਾਣਕਾਰੀ ਲਈ ਉਨ੍ਹਾਂ ਦੇ ਨੰਬਰ 94175-82117 ਤੇ ਸੰਪਰਕ ਕਰ ਸਕਦੇ ਹਨ ।ਵਿਚਾਰ ਚਰਚਾ ਕਰਨ ਉਪਰੰਤ ਕਮੇਟੀ ਵੱਲੋਂ ਇਹ ਐਕਸ਼ਨ ਪਲਾਨ ਪ੍ਰਵਾਨ ਕੀਤਾ ਗਿਆ।ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਵਿਭਾਗ ਦੁਆਰਾ ਕੀਤੇ ਗਏ ਕਾਰਜਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਭਾਗ ਦੀਆਂ ਗਤੀਵਿਧੀਆ ਅਤੇ ਸਕੀਮਾਂ ਬਾਰੇ ਕਾਸ਼ਤਕਾਰਾਂ ਨੂੰ ਜਾਣੂੰ ਕਰਵਾਇਆ ਜਾਵੇ ਤਾਂ ਜੋ ਉਹ ਇਨ੍ਹਾਂ ਸਕੀਮਾਂ ਦਾ ਲਾਹਾ ਲੈ ਸਕਣ।