ਫ਼ਤਹਿਗੜ੍ਹ ਸਾਹਿਬ : ਮੁੱਖ ਮੰਤਰੀ, ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਉੱਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ ਵਿੱਚ ਭਾਸ਼ਾ ਵਿਭਾਗ, ਪੰਜਾਬ ਲਗਾਤਾਰ ਸਾਹਿਤ ਅਤੇ ਭਾਸ਼ਾ ਦੇ ਖੇਤਰ ਵਿੱਚ ਗਤੀਸ਼ੀਲ ਹੈ। ਵਿਭਾਗ ਦੁਆਰਾ ਜਿੱਥੇ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਹੀ ਦੂਸਰੀਆਂ ਭਾਸ਼ਾਵਾਂ ਲਈ ਵੀ ਪ੍ਰੋਗਰਾਮ ਉਲੀਕੇ ਜਾਂਦੇ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਤਹਿਗੜ੍ਹ ਸਾਹਿਬ ਵੱਲੋਂ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਸ੍ਰੀਮਤੀ ਹਰਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਥਾਨਕ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਵਿਖੇ ਤ੍ਰੈ-ਭਾਸ਼ੀ ਕਵੀ ਦਰਬਾਰ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਬਹੁਭਾਸ਼ਾਈ ਕਵੀ ਅਤੇ ਉੱਘੇ ਵਿਦਵਾਨ ਡਾ. ਮੁਹੰਮਦ ਰਫ਼ੀ ਮਲੇਰਕੋਟਲਾ ਨੇ ਕੀਤੀ। ਪ੍ਰੋ. ਅੱਛਰੂ ਸਿੰਘ ਸ਼੍ਰੋਮਣੀ ਸਾਹਿਤਕਾਰ ਭਾਸ਼ਾ ਵਿਭਾਗ, ਪੰਜਾਬ ਨੇ ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਉੱਘੀ ਕਵਿੱਤਰੀ ਪ੍ਰਿੰਸੀਪਲ ਕਮਲਜੀਤ ਕੌਰ ਇਸ ਸਮਾਗਮ ਵਿੱਚ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਜ਼ਿਲ੍ਹਾ ਭਾਸ਼ਾ ਅਫ਼ਸਰ ਜਗਜੀਤ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਤਿੰਨ ਭਾਸ਼ਾਵਾਂ ਦੇ ਵੱਡੇ ਕਵੀਆਂ ਦੇ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਕਰਕੇ ਇਸ ਸਮਾਗਮ ਦਾ ਮਹੱਤਵ ਹੋਰ ਵੀ ਵੱਧ ਗਿਆ ਹੈ। ਸ਼ਮਾਂ ਰੋਸ਼ਨ ਦੀ ਰਸਮ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਦੇ ਉਭਰਦੇ ਵਿੱਦਿਅਰਥੀ ਕਵੀਆਂ ਜਸ਼ਨਪ੍ਰੀਤ ਕੌਰ, ਮਹਿਕਪ੍ਰੀਤ ਕੌਰ, ਸਤਨਾਮ ਸਿੰਘ, ਉਰਮਿਲਾ, ਨਵਜੋਤ ਕੌਰ ਦੀ ਸ਼ਾਇਰੀ ਨਾਲ ਕਵੀ ਦਰਬਾਰ ਦਾ ਆਗਾਜ਼ ਹੋਇਆ। ਜਿਸ ਵਿੱਚ ਉਰਦੂ ਸ਼ਾਇਰ ਉਵੇਸ ਉਵੈਸੀ, ਮੁਕੱਰਮ ਸੈਫ਼ੀ, ਡਾ. ਸਾਲਿਕ ਬਰਾੜ ਸ਼ੇਖ਼ ਇਫ਼ਤਖਾਰ ਹੁਸੈਨ ਨੇ ਕਲਾਮ ਪੇਸ਼ ਕੀਤਾ। ਪੰਜਾਬੀ ਅਤੇ ਹਿੰਦੀ ਕਵੀਆਂ ਵਿੱਚ ਮੈਡਮ ਸੁਰਿੰਦਰ ਕੌਰ ਬਾੜਾ, ਹਰੀ ਸਿੰਘ ਚਮਕ, ਦਰਬਾਰਾ ਸਿੰਘ ਢੀਂਡਸਾ, ਅਨੂਪ ਖਾਨਪੁਰੀ, ਰਾਮ ਸਿੰਘ ਅਲਬੇਲਾ, ਉਪਕਾਰ ਸਿੰਘ ਦਿਆਲਪੁਰੀ, ਸੁਖਬੀਰ ਸਿੰਘ, ਬੀਬੀ ਅਮਰਜੀਤ ਕੌਰ, ਧਰਮਿੰਦਰ ਸ਼ਾਹਿਦ, ਮਨਜੀਤ ਕੌਰ, ਰਾਜ ਸਿੰਘ ਬਧੌਛੀ ਨੇ ਆਪਣੀ ਸ਼ਾਇਰੀ ਨਾਲ ਸਰੋਤਿਆਂ ਨੂੰ ਸਰਸ਼ਾਰ ਕੀਤਾ। ਪ੍ਰਧਾਨਗੀ ਭਾਸ਼ਨ ਕਰਦਿਆਂ ਡਾ. ਮੁਹੰਮਦ ਰਫ਼ੀ ਨੇ ਕਿਹਾ ਕੀ ਇਹ ਕਵੀ ਦਰਬਾਰ ਵਿੱਚੋਂ ਵੱਖ-ਵੱਖ ਭਾਸ਼ਾਵਾਂ ਨਾਲ ਸਬੰਧਤ ਹੁੰਦੇ ਹੋਏ ਵੀ ਇੱਕ ਸਾਂਝੀ ਸੁਰ ਸੁਣਾਈ ਦੇ ਰਹੀ ਸੀ। ਅਸਲ ਵਿੱਚ ਇਹੀ ਸੁਰ ਸ਼ਾਇਰੀ ਜਾਂ ਸਾਹਿਤ ਦੇ ਸਮਾਜ ਪ੍ਰਤੀ ਫ਼ਿਕਰ ਦੀ ਸੁਰ ਹੈ। ਜਿਸ ਵਿੱਚ ਸਮਾਜ ਦੇ ਵੱਖ-ਵੱਖ ਮਸਲਿਆਂ ਪ੍ਰਤੀ ਚਿੰਤਾ ਜ਼ਾਹਿਰ ਹੁੰਦੀ ਦਿਖਾਈ ਦਿੱਤੀ। ਉਹਨਾਂ ਨੇ ਇਸ ਸਮਾਗਮ ਦੇ ਪ੍ਰਬੰਧ ਲਈ ਭਾਸ਼ਾ ਵਿਭਾਗ, ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਮੰਚ ਸੰਚਾਲਨ ਦੀ ਭੂਮਿਕਾ ਪੰਜਾਬੀ ਦੇ ਉੱਘੇ ਸ਼ਾਇਰ ਸੰਤ ਸਿੰਘ ਸੋਹਲ ਨੇ ਬੜੇ ਅਦਬ ਨਾਲ ਨਿਭਾਈ। ਸੰਸਥਾ ਦੇ ਵਾਇਸ ਪ੍ਰਿੰਸੀਪਲ ਕੰਵਲਜੀਤ ਸਿੰਘ ਸੋਹੀ ਨੇ ਸਮਾਗਮ ਦੇ ਆਖਿਰ ਵਿੱਚ ਮਹਿਮਾਨਾਂ ਜਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਉਹ ਇਹੋ ਜਹੇ ਸਮਾਗਮਾਂ ਲਈ ਭਾਸ਼ਾ ਵਿਭਾਗ ਫ਼ਤਹਿਗੜ੍ਹ ਸਾਹਿਬ ਦਾ ਸਹਿਯੋਗ ਦਿੰਦੇ ਰਹਿਣਗੇ। ਇਸ ਮੌਕੇ ਐਡਵੋਕੇਟ ਜਸਵਿੰਦਰ ਸਿੰਘ ਸਿੱਧੂ, ਸਾਬਕਾ ਡਿਪਟੀ ਡਾਇਰੈਕਟਰ ਹਾਕਮ ਸਿੰਘ ਦੂਰਦਰਸ਼ਨ (ਦਿੱਲੀ), ਡਾ. ਗੁਰਮੀਤ ਸਿੰਘ, ਵਾਤਾਵਰਣ ਪ੍ਰੇਮੀ ਹਰਮਨਪ੍ਰੀਤ ਸਿੰਘ, ਕਵਲਜੀਤ ਸਿੰਘ ਕਲੇਰ, ਗੁਰਅਮਨਪ੍ਰੀਤ ਸਿੰਘ, ਸੂਰਜ ਭਾਨ ਅਤੇ ਸੰਸਥਾ ਦੇ ਵਿੱਦਿਆਰਥੀ ਮੌਜੂਦ ਰਹੇ।