ਫ਼ਤਹਿਗੜ੍ਹ ਸਾਹਿਬ : ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਮਧੂ-ਮੱਖੀ ਮੱਖੀ ਪਾਲਣ ਦੀ ਸਿਖਲਾਈ ਦੇਣ ਵਾਸਤੇ ਪੰਜ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਪਿੰਡਾਂ ਵਿੱਚੋਂ 19 ਲੜਕੇ ਤੇ ਲੜਕੀਆਂ ਨੇ ਭਾਗ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਡਾਇਰੈਕਟਰ (ਸਿਖਲਾਈ) ਡਾ: ਵਿਪਨ ਕੁਮਾਰ ਰਾਮਪਾਲ ਨੇ ਦੱਸਿਆ ਕਿ ਸ਼ਹਿਦ ਦੀ ਮੱਖੀ ਪਾਲਣਾ ਸਾਰੇ ਖੇਤੀ ਸਬੰਧਤ ਧੰਦਿਆਂ ਵਿੱਚੋਂ ਬਹੁਤ ਹੀ ਲਾਹੇਵੰਦ ਧੰਦਾ ਹੈ ਅਤੇ ਮਧੂ-ਮੱਖੀ ਮੱਖੀ ਪਾਲਣ ਦੀ ਸਿਖਲਾਈ ਹਾਸਲ ਕਰਕੇ ਕਿਸਾਨ, ਕਿਸਾਨ ਬੀਬੀਆਂ, ਨੌਕਰੀ ਪੇਸ਼ਾ ਤੇ ਸੇਵਾ ਮੁਕਤ ਵਿਅਕਤੀ ਆਪਣਾ ਮਧੂ-ਮੱਖੀ ਮੱਖੀ ਫਾਰਮ ਸ਼ੁਰੂ ਕਰਕੇ ਵਧੇਰੇ ਆਮਦਨ ਹਾਸਲ ਕਰ ਸਕਦੇ ਹਨ।
ਡਾ. ਰਾਮਪਾਲ ਨੇ ਸਿਖਿਆਰਥੀਆਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਗਤੀਵਿਧੀਆਂ, ਕੇਂਦਰ ਦੇ ਉਦੇਸ਼ ਅਤੇ ਕਿਸਾਨਾਂ ਲਈ ਲਗਾਏ ਜਾ ਰਹੇ ਵੱਖ-ਵੱਖ ਸਿਖਲਾਈ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਮਧੂ ਮੱਖੀ ਪਾਲਣ ਦੀ ਆਰਥਿਕਤਾ ਅਤੇ ਮਹੱਤਤਾ ਬਾਰੇ ਵੀ ਦੱਸਿਆ। ਡਾ: ਰਾਮਪਾਲ ਨੇ ਸਿਖਲਾਈ ਹਾਸਲ ਕਰਨ ਵਾਲੇ ਸਿਖਿਆਰਥੀਆਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਮਾਣ ਪੱਤਰ ਵੀ ਦਿੱਤੇ ਅਤੇ ਦੱਸਿਆ ਕਿ ਇਨ੍ਹਾਂ ਪ੍ਰਮਾਣ ਪੱਤਰਾਂ ਨਾਲ ਸਿਖਿਆਰਥੀ ਕੌਮੀ ਬਾਗਬਾਨੀ ਮਿਸ਼ਨ ਅਧੀਨ 40 ਫੀਸਦੀ ਸਬਸਿਡੀ ਹਾਸਲ ਕਰ ਸਕਦੇ ਹਨ। ਇਸ ਸਿਖਲਾਈ ਕੋਰਸ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਡਾ: ਰੀਤ ਵਰਮਾ ਨੇ ਸਿਖਆਰਥੀਆਂ ਨੂੰ ਮਧੂ ਮੱਖੀ ਦੀ ਬਣਤਰ, ਕਿਸਮਾਂ, ਜਾਤੀਆਂ, ਜੀਵਨ ਚੱਕਰ ਅਤੇ ਕੰਮ ਦੀ ਵੰਡ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।
ਉਨ੍ਹਾਂ ਮਧੂ-ਮੱਖੀ ਪਾਲਣਾ ਸ਼ੁਰੂ ਕਰਨ ਲਈ ਲੋੜੀਂਦੇ ਸਾਜੋ ਸਮਾਨ ਦੀ ਜਾਨ ਪਹਿਚਾਣ ਕਰਵਾਈ, ਲੋੜੀਂਦੇ ਫੁੱਲ ਫੁਲਾਕੇ ਅਤੇ ਕਟੁੰਬਾਂ ਦੇ ਯੋਗ ਮੋਸਮੀ ਪ੍ਰਬੰਧ, ਮਧੂ ਮੱਖੀਆਂ ਦੇ ਦੁਸ਼ਮਣ ਅਤੇ ਬੀਮਾਰੀਆਂ ਅਤੇ ਉਨਾਂ ਦੇ ਰੋਕਥਾਮ ਬਾਰੇ ਵਿਸਥਾਰ ਵਿੱਚ ਦੱਸਿਆ । ਉਨ੍ਹਾਂ ਨੇ ਸਿਖਆਰਥੀਆਂ ਨੂੰ ਆਪਣੇ ਹੱਥੀਂ ਮੱਖੀਆਂ ਦੇ ਬਕਸੇਆਂ ਦੀ ਸਾਂਭ-ਸੰਭਾਲ ਕਰਨੀ, ਮੱਖੀਆਂ ਨੂੰ ਅੱਡ-ਅੱਡ ਤਰੀਕਿਆਂ ਨਾਲ ਖੰਡ ਅਤੇ ਪੋਲਨ ਫੀਡ ਦੇਣੀ, ਮੱਖੀਆਂ ਦੇ ਬਾਹਰੀ ਪ੍ਰਜੀਵੀ ਕੀੜੇ ਦੀ ਰੋਕਥਾਮ ਕਰਨੀ ਅਤੇ ਸਵਾਰਮ ਫੜਨਾ ਸਿਖਾਇਆ ਗਿਆ । ਡਾ. ਰੀਤ ਵਰਮਾ ਨੇ ਕਿਹਾ ਕਿ ਸਿਖਿਆਰਥੀ ਮਧੂ-ਮੱਖੀ ਮੱਖੀ ਪਾਲਣ ਦਾ ਧੰਦਾ 10-15 ਬਕਸਿਆਂ ਨਾਲ ਸ਼ੁਰੂ ਕਰ ਸਕਦੇ ਹਨ ਅਤੇ ਤਜਰਬਾ ਹਾਸਿਲ ਹੋਣ ਤੇ ਇਸ ਧੰਦੇ ਨੂੰ ਵਧਾਇਆ ਜਾ ਸਕਦਾ ਹੈ। ਡਾ ਮਨੀਸ਼ਾ ਭਾਟੀਆ, ਸਹਾਇਕ ਪ੍ਰੋਫੈਸਰ, ਗ੍ਰਹਿ ਵਿਗਿਆਨ, ਨੇ ਸਿਖਿਆਰਥੀਆਂ ਨੂੰ ਸ਼ਹਿਦ ਦੀ ਪੀਕਿੰਗ, ਲੇਬਲਿੰਗ ਅਤੇ ਐਫ. ਐਸ.ਐਸ.ਆਈ ਲਾਇਸੈਂਸ ਲੈਣ ਦੇ ਤਰੀਕੇ ਬਾਰੇ ਦੱਸਿਆ।