ਪਟਿਆਲਾ : ਸਿੱਖਿਆ ਅਤੇ ਸਿੱਖਿਆ ਸੰਸਥਾਵਾਂ ਦੇ ਪੱਧਰ ਨੂੰ ਉੱਚਾ ਚੁੱਕਣ ਵਾਸਤੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਸਾਰੀਆਂ ਯੂਨੀਵਰਸਿਟੀਆਂ ਇੱਕ ਸਾਰ ਗ੍ਰਾਂਟ ਦਿੱਤੇ ਜਾਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਹੈ। ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲ ਪ੍ਰਧਾਨ ਮੰਤਰੀ ਉਚਤਰ ਸਿੱਖਿਆ ਅਭਿਆਨ (ਪੀ.ਐਮ. ਊਸ਼ਾ) ਸਕੀਮ ਹੇਠ 78 ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਦੀ ਆਨਲਾਈਨ ਸਮਾਰੋਹ ਦੌਰਾਨ ਪ੍ਰਵਾਨਗੀ ਦਿੱਤੀ ਗਈ। ਇਸ ਦੌਰਾਨ ਯੂਨੀਵਰਸਿਟੀ ਸੈਨੇਟ ਹਾਲ ਵਿਖੇ ਯੂਨੀਵਰਸਿਟੀ ਪ੍ਰਬੰਧਕਾਂ, ਫੈਕਲਟੀ ਮੈਂਬਰਾਂ, ਸਟਾਫ ਅਤੇ ਵਿਦਿਆਰਥੀਆਂ ਦੇ ਇੱਕ ਇਕੱਠ ਨੇ ਇਸ ਸਮਾਰੋਹ ਨੂੰ ਆਨ ਲਾਈਨ ਦੇਖਿਆ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਵਾਈਸ ਚਾਂਸਲਰ ਨੇ ਕਿਹਾ ਕਿ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਨੂੰ ਹੀ ਆਪਣੇ ਵਿਕਾਸ ਲਈ ਗ੍ਰਾਂਟ ਦੀ ਜ਼ਰੂਰਤ ਹੈ ਅਤੇ ਇਹ ਗ੍ਰਾਂਟ ਸਭਨਾਂ ਨੂੰ ਹੀ ਖੁਲ੍ਹੀਦਿਲੀ ਨਾਲ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੀਆਂ 500 ਤੋਂ ਵੱਧ ਯੂਨੀਵਰਸਿਟੀਆਂ ਵਿੱਚ ਮੁਕਾਬਲੇ ਤੋਂ ਬਾਅਦ 78 ਯੂਨੀਵਰਸਿਟੀਆਂ ਨੂੰ ਇਹ ਗ੍ਰਾਂਟ ਪ੍ਰਾਪਤ ਹੋਈ ਹੈ। ਇਸ ਗ੍ਰਾਂਟ ਲਈ ਪੰਜਾਬ ਦੀਆਂ ਪੰਜ ਯੂਨੀਵਰਸਿਟੀਆਂ ਨੇ ਅਪਲਾਈ ਕੀਤਾ ਸੀ ਪਰ ਇਹ ਕੇਵਲ ਪੰਜਾਬੀ ਯੂਨੀਵਰਸਿਟੀ ਨੂੰ ਹੀ ਮਿਲੀ ਹੈ। ਉਹਨਾਂ ਕਿਹਾ ਕਿ ਨੈਸ਼ਨਲ ਅਸਿਸਮੈਂਟ ਐਂਡ ਐਕਰੀਡੇਸ਼ਨ ਕੌਂਸਲ (ਨੈਕ) ਦੁਆਰਾ ਯੂਨੀਵਰਸਿਟੀ ਨੂੰ ‘ਏ ਪਲਸ ਗ੍ਰੇਡ’ ਹਾਸਲ ਹੋਣ ਕਾਰਨ ਸ਼ਤ ਪ੍ਰਤੀਸ਼ਤ ਅੰਕ ਹਾਸਲ ਹੋਏ ਹਨ ਜਿਸ ਕਰਕੇ ਇਹ ਗ੍ਰਾਂਟ ਪ੍ਰਾਪਤ ਕਰਨ ਵਿੱਚ ਯੂਨੀਵਰਸਿਟੀ ਨੂੰ ਸਫਲਤਾ ਮਿਲੀ ਹੈ।
ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀ ਦੇ ਸਟਾਫ਼ ਅਤੇ ਵਿਦਿਆਰਥੀਆਂ ਦੀ ਮਿਹਨਤ ਕਰਕੇ ਹੋ ਸੰਭਵ ਹੋ ਸਕਿਆ ਹੈ। ਪੀ.ਐਮ. ਊਸ਼ਾ ਸਕੀਮ ਲਈ ਪ੍ਰਸਤਾਵ ਤਿਆਰ ਕਰਨ ਵਾਲੀ ਟੀਮ ਨੂੰ ਵਧਾਈ ਦਿੰਦੇ ਹੋਏ ਪ੍ਰੋਫੈਸਰ ਅਰਵਿੰਦ ਨੇ ਕਿਹਾ ਕਿ ਇਹ ਗ੍ਰਾਂਟ ਉਸ ਸਮੇਂ ਮਿਲੀ ਹੈ ਜਦੋਂ ਯੂਨੀਵਰਸਿਟੀ ਨੂੰ ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ। ਉਹਨਾਂ ਕਿਹਾ ਕਿ ਇਸ ਦੇ ਨਾਲ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਦਾ ਪੱਧਰ ਉੱਚਾ ਚੁੱਕਿਆ ਜਾ ਸਕੇਗਾ। ਇਸ ਨਾਲ ਨਵੇਂ ਕੋਰਸਾਂ ਲਈ ਕਲਾਸ ਰੂਮ, ਇਮਾਰਤਾਂ ਦੀ ਮੁਰੰਮਤ ਅਤੇ ਐਕਸਟੈਂਨਸ਼ਨ, ਸੀਵਰੇਜ਼ ਪਲਾਂਟ, ਬਹੁਮੰਜ਼ਿਲਾਂ ਇਮਾਰਤਾਂ ਦੀਆਂ ਲਿਫ਼ਟਾਂ ਅਤੇ ਹੋਰ ਕੰਮ ਕਰਵਾਏ ਜਾਣਗੇ। ਇਸ ਗਰਾਂਟ ਨਾਲ ਯੂਨੀਵਰਸਿਟੀ ਵਿਖੇ ਸਥਿਤ ਅਬਜ਼ਰਵੈਟਰੀ ਨੂੰ ਮੁੜ ਚਾਲੂ ਕੀਤਾ ਜਾਵੇਗ।
ਇਸ ਨਾਲ ਨਵੀਆਂ ਡਿਜੀਟਲ ਲੈਬਾਰਟਰੀਆਂ ਅਤੇ ਨੈਟਵਰਕ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਸਾਇੰਸ ਵਿਭਾਗਾਂ ਵਿੱਚ ਨਵੇਂ ਕੋਰਸਾਂ ਲਈ ਲੈਬਾਰਟਰੀ ਯੰਤਰ ਖਰੀਦੇ ਜਾਣਗੇ। ਇਸ ਗਰਾਂਟ ਨਾਲ ਉੱਦਮਤਾ (ਇੰਟਰਪ੍ਰੀਨੀਓਰਸ਼ਿਪ) ਅਤੇ ਕਿੱਤਾ ਮੁਖੀ ਕੋਰਸਾਂ ਲਈ ਟੇੇ੍ਰਨਿੰਗ ਸ਼ੁਰੂ ਕਰਨ ਲਈ ਵੀ ਮਦੱਦ ਮਿਲੇਗੀ। ਪੀ.ਐਮ. ਊਸ਼ਾ ਦੇ ਹੇਠ ਪੰਜਾਬੀ ਯੂਨੀਵਰਸਿਟੀ ਨੂੰ 20 ਕਰੋੜ ਰੁਪਏ ਦੀ ਇਹ ਗ੍ਰਾਂਟ ਤਿੰਨ ਸਾਲ ਲਈ ਮਿਲੀ ਹੈ। ਇਹ ਫੰਡ ਪ੍ਰਾਪਤ ਕਰਨ ਲਈ ਸਿੱਖਿਆ ਸੰਸਥਾ ਕੋਲ ਨੈਕ ਦਾ ਚੰਗਾ ਸਕੋਰ ਹੋਣਾ ਚਾਹੀਦਾ ਹੈ। ਇਸ ਮੌਕੇ ਯਨੀਵਰਸਿਟੀ ਦੀ ਰਜਿਸਟਰਾਰ ਡਾ. ਨਵਜੋਤ ਕੌਰ, ਡਾ. ਸੰਜੀਵ ਪੁਰੀ, ਡੀਨ ਅਕਦਮਿਕ ਡਾ. ਅਸ਼ੋਕ ਤਿਵਾੜੀ ਅਤੇ ਪੀਐਮ-ਊਸ਼ਾ ਸਕੀਮ ਦੇ ਕੋਆਰਡੀਨੇਟਰ ਬਲਵਿੰਦਰ ਸਿੰਘ ਸੂਚ ਵੀ ਹਾਜ਼ਰ ਸਨ।