ਪਟਿਆਲਾ : ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪਟਿਆਲਾ ਸ਼ਹਿਰ ਵਾਸੀਆਂ ਨਾਲ ਖੁਸ਼ਖ਼ਬਰੀ ਸਾਂਝੀ ਕੀਤੀ ਹੈ ਕਿ ਸ਼ਹਿਰ ਵਿੱਚ 24 ਘੰਟੇ 7 ਦਿਨ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਲਈ ਲੱਗ ਰਹੇ ਨਹਿਰੀ ਪਾਣੀ ਪ੍ਰਾਜੈਕਟ ਦੀਆਂ ਪਾਇਪਾਂ ਪਾਉਣ ਲਈ ਪੁੱਟੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਜਦਕਿ ਰਾਜਿੰਦਰਾ ਝੀਲ ਵਿੱਚ ਵੀ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ ਤੇ ਇਸਦੇ ਫ਼ੁਹਾਰੇ ਤੇ ਲਾਇਟਾਂ ਵੀ ਚਾਲੂ ਕਰ ਦਿੱਤੀਆਂ ਗਈਆਂ ਹਨ। ਇੱਥੇ ਨਗਰ ਨਿਗਮ ਵਿਖੇ ਸ਼ਹਿਰ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਟਿਆਲਾ ਸ਼ਹਿਰ ਦੇ ਵਿਕਾਸ ਲਈ ਜਾਰੀ ਸਾਰੇ ਕਾਰਜ ਜੰਗੀ ਪੱਧਰ 'ਤੇ ਮੁਕੰਮਲ ਹੋਣੇ ਸ਼ੁਰੂ ਹੋ ਗਏ ਹਨ। ਵਿਧਾਇਕ ਕੋਹਲੀ ਨੇ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ, ਨਗਰ ਨਿਗਮ ਦੇ ਐਸ.ਈ. ਹਰਕਿਰਨ ਸਿੰਘ ਤੇ ਗੁਰਜੀਤ ਸਿੰਘ ਵਾਲੀਆ, ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਵਿਕਾਸ ਧਵਨ, ਲਾਰਸਨ ਐਂਡ ਟੂਬਰੋ ਕੰਪਨੀ ਦੇ ਨੁਮਾਇੰਦੇ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪੀਯੂਸ਼ ਅਗਰਵਾਲ ਤੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਪਟਿਆਲਾ ਸ਼ਹਿਰੀ ਹਲਕੇ ਅੰਦਰ ਕਰਵਾਏ ਜਾਣ ਵਾਲੇ ਕੰਮ ਸਮੇਂ ਸਿਰ ਮੁਕੰਮਲ ਕਰਨ ਦੇ ਆਦੇਸ਼ ਜਾਰੀ ਕੀਤੇ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਗ਼ੈਰ-ਯੋਜਨਾਬੱਧ ਤਰੀਕੇ ਨਾਲ ਕੀਤੇ ਕੰਮ ਸ਼ਹਿਰ ਵਾਸੀਆਂ ਲਈ ਮੁਸ਼ਕਿਲਾਂ ਦਾ ਕਾਰਨ ਬਣ ਗਏ ਹਨ, ਪਰੰਤੂ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਰੇ ਕੰਮਾਂ ਨੂੰ ਬਿਹਤਰ ਯੋਜਨਾਬੰਦੀ ਨਾਲ ਨੇਪਰੇ ਚੜ੍ਹਾਇਆ ਜਾ ਰਿਹਾ ਹੈ। ਕੋਹਲੀ ਨੇ ਦੱਸਿਆ ਕਿ ਨਹਿਰੀ ਪਾਣੀ ਦੀ ਸਪਲਾਈ ਲਈ 312 ਕਿਲੋਮੀਟਰ ਪਾਇਪ ਲਾਈਨ ਲਾਇਨ ਪਾਈ ਜਾਣੀ ਹੈ, ਜਿਸ ਵਿੱਚੋਂ 152 ਕਿਲੋਮੀਟਰ ਪਾਈਪ ਪਾਈ ਗਈ ਹੈ ਜਿਸ ਲਈ ਪੁੱਟੀ ਗਈ ਸੜਕ ਨੂੰ ਨਗਰ ਨਿਗਮ, ਲੋਕ ਨਿਰਮਾਣ ਵਿਭਾਗ ਤੇ ਲਾਰਸਨ ਐਂਡ ਟੂਬਰੋ ਕੰਪਨੀ ਵੱਲੋਂ ਆਪਸੀ ਸਹਿਯੋਗ ਨਾਲ ਦੁਬਾਰਾ ਬਣਾਉਣਾ ਸ਼ੁਰੂ ਹੋ ਚੁੱਕਾ ਹੈ। ਇਸ ਵਿੱਚੋਂ 22 ਕਿਲੋਮੀਟਰ ਲੋਕ ਨਿਰਮਾਣ ਵਿਭਾਗ ਤੇ 125 ਕਿਲੋਮੀਟਰ ਨਗਰ ਨਿਗਮ ਦੀਆਂ ਸੜਕਾਂ ਹਨ, ਜਿਨ੍ਹਾਂ ਨੂੰ ਚੱਲਣਯੋਗ ਬਣਾ ਕੇ ਲੁੱਕ ਦਾ ਪਲਾਂਟ ਚੱਲਣ 'ਤੇ ਲੁੱਕ ਪਵਾ ਕੇ ਪੂਰੀ ਤਰ੍ਹਾਂ ਠੀਕ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਜਦਕਿ 34 ਕਿਲੋਮੀਟਰ ਸੜਕਾਂ ਇੰਟਰਲਾਕਿੰਗ ਵਾਲੀਆਂ ਸਨ, ਜਿਨ੍ਹਾਂ ਨੂੰ ਨਾਲ ਦੀ ਨਾਲ ਬਣਾਇਆ ਗਿਆ ਹੈ। ਅਜੀਤਪਾਲ ਸਿੰਘ ਕੋਹਲੀ ਨੇ ਇਸ ਦੌਰਾਨ ਰਾਜਿੰਦਰਾ ਝੀਲ, ਜਿਸ ਦੇ ਕੰਮ ਦਾ ਜਾਇਜ਼ਾ ਵਿਧਾਨ ਸਭਾ ਦੀ ਐਸਟੀਮੇਟ ਕਮੇਟੀ ਵੱਲੋਂ ਲਿਆ ਗਿਆ ਸੀ, ਦੇ ਹਵਾਲੇ ਨਾਲ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਇਸ ਵਿੱਚ ਲੋੜੀਂਦਾ ਚਾਰ ਫੁੱਟ ਪਾਣੀ ਜਲਦੀ ਭਰਵਾ ਕੇ ਇਸ ਨੂੰ ਨਗਰ ਨਿਗਮ ਦੇ ਸਪੁਰਦ ਕੀਤਾ ਜਾਵੇ।
ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਿੱਚ ਲਗਾਤਾਰ ਪਾਣੀ ਭਰ ਰਿਹਾ ਹੈ ਅਤੇ 2 ਫੁੱਟ ਪਾਣੀ ਭਰ ਗਿਆ ਹੈ ਅਤੇ ਇਸ ਦੇ ਫ਼ੁਹਾਰੇ ਮੁਰੰਮਤ ਕਰਕੇ ਚਲਵਾ ਦਿੱਤੇ ਗਏ ਹਨ। ਲੋਕ ਨਿਰਮਾਣ ਵਿਭਾਗ ਨੇ ਦੱਸਿਆ ਕਿ ਜਰੂਰੀ ਮੁਰੰਮਤ ਬਾਅਦ ਲਾਇਟਾਂ ਵੀ ਜਗਣੀਆਂ ਸ਼ੁਰੂ ਹੋ ਗਈਆਂ ਹਨ। ਵਿਧਾਇਕ ਕੋਹਲੀ ਨੇ ਨਗਰ ਨਿਗਮ ਦੀ ਲੈਂਡ ਬਰਾਂਚ ਨਾਲ ਮੀਟਿੰਗ ਕਰਦਿਆਂ ਸ਼ਹਿਰ ਦੇ ਬਾਜ਼ਾਰਾਂ ਅਤੇ ਕਈ ਸੜਕਾਂ ਉਪਰ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਕੇ ਆਵਾਜਾਈ ਵਿੱਚ ਪੈਂਦੇ ਵਿਘਨ ਨੂੰ ਦੂਰ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸ਼ਹਿਰ ਵਿੱਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ। ਵਿਧਾਇਕ ਕੋਹਲੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਪਟਿਆਲਾ ਸ਼ਹਿਰ ਦੇ ਵਿਕਾਸ ਲਈ ਫੰਡਾਂ ਦੇ ਖੁੱਲ੍ਹੇ ਗੱਫ਼ੇ ਦਿੱਤੇ ਹਨ, ਜਿਸ ਲਈ ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਰਹਿਤ ਢੰਗ ਨਾਲ ਸਮੁੱਚੇ ਵਿਕਾਸ ਕਾਰਜ ਜੰਗੀ ਪੱਧਰ 'ਤੇ ਨੇਪਰੇ ਚੜ੍ਹਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਨੇ ਉਨ੍ਹਾਂ ਨੂੰ ਤਾਕਤ ਦਿੱਤੀ ਅਤੇ ਉਹ ਇਸ ਸ਼ਕਤੀ ਨੂੰ ਲੋਕਾਂ ਦੀ ਸੇਵਾ ਲਈ ਹੀ ਲਗਾਉਂਦੇ ਹੋਏ ਹਰ ਵੇਲੇ ਆਪਣੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਹਨ।