ਪੰਜਾਬੀ ਯੂਨੀਵਰਸਿਟੀ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵੱਲੋਂ ਅੱਜ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਕਾਵਿ ਉਚਾਰਨ, ਭਾਸ਼ਣ ਅਤੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ, ਜਿਹਨਾਂ ਦਾ ਵਿਸ਼ਾ ਪੰਜਾਬੀ ਬੋਲੀ ਨਾਲ਼ ਸਬੰਧਿਤ ਸੀ । ਇਹ ਪ੍ਰੋਗਰਾਮ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਡਾ. ਬਲਰਾਜ ਸਿੰਘ ਸੈਣੀ ਦੀ ਰਹਿਨੁਮਾਈ ਹੇਠ ਹੋਇਆ ਜਿਸ ਵਿੱਚ ਵਿਭਾਗ ਦੇ ਬੀ.ਟੈਕ ਅਤੇ ਐਮ.ਟੈਕ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ।
ਇਸ ਸਮਾਗਮ ਦੇ ਪ੍ਰੋਗਰਾਮ ਕੋਆਰਡੀਨੇਟਰ ਡਾ. ਚਰਨਜੀਤ ਨੌਹਰਾ ਅਤੇ ਡਾ. ਖੁਸ਼ਦੀਪ ਗੋਇਲ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਨੂੰ ਕਰਵਾਉਣ ਦੇ ਨਾਲ਼ ਨਾਲ਼ ਪੰਜਾਬੀ ਭਾਸ਼ਾ ਸਬੰਧੀ ਗੱਲਬਾਤ ਕਰਨ ਲਈ ਪੰਜਾਬੀ ਭਾਸ਼ਾ ਦੇ ਨਾਲ਼ ਸਬੰਧਿਤ ਡਾ ਮਾਨ ਸਿੰਘ ਢੀਂਡਸਾ ਅਤੇ ਪੰਜਾਬੀ ਵਿਕਾਸ ਵਿਭਾਗ ਦੇ ਮੁਖੀ ਡਾ. ਪਰਮਿੰਦਰਜੀਤ ਕੌਰ ਵੀ ਵਿਸ਼ੇਸ਼ ਤੌਰ ਉੱਤੇ ਪਹੁੰਚੇ ਸਨ। ਡਾ ਚੰਦਨਦੀਪ ਸਿੰਘ ਨੇ ਸਵਾਗਤੀ ਭਾਸ਼ਣ ਕੀਤਾ । ਮੁਕਾਬਲੇ ਸ਼ੁਰੂ ਕਰਵਾਉਣ ਤੋਂ ਪਹਿਲਾਂ ਵਿਭਾਗ ਦੇ ਮੁਖੀ ਡਾ ਬਲਰਾਜ ਸਿੰਘ ਸੈਣੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਇਨਸਾਨ ਹਮੇਸ਼ਾਂ ਆਪਣੀ ਮਾਂ ਬੋਲੀ ਵਿੱਚ ਹੀ ਸੋਚਦਾ ਅਤੇ ਜਿਆਦਾ ਵਧੀਆ ਸਮਝਦਾ ਹੈ ।
ਡਾ. ਮਾਨ ਸਿੰਘ ਢੀਂਡਸਾ ਨੇ ਵਿਸਥਾਰ ਸਹਿਤ ਭਾਸ਼ਣ ਦਿੰਦਿਆਂ ਆਖਿਆ ਕਿ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਆਪਣੇ ਸਿਲੇਬਸ ਦੇ ਨਾਲ਼ ਨਾਲ਼ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਪੜ੍ਹਨ ਲਈ ਵੀ ਪ੍ਰੇਰਿਆ ਜਿਸ ਵਿੱਚ ਪੰਜਾਬ ਦੀ ਅਮੀਰ ਵਿਰਾਸਤ ਸਮੋਈ ਹੋਈ ਹੈ । ਉਹਨਾਂ ਆਖਿਆ ਕਿ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਵਿੱਚ ਇਸ ਤਰਾਂ ਦਾ ਸਮਾਗਮ ਕਰਵਾਉਣਾ ਇੱਕ ਨਿਵੇਕਲੀ ਪਹਿਲ ਹੈ । ਵਿਭਾਗ ਦੇ ਮੁਖੀ ਅਤੇ ਹਾਜ਼ਿਰ ਅਧਿਆਪਕਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਨਮਾਨ ਕਰਨ ਉਪਰੰਤ ਇੰਜੀਨੀਅਰਿੰਗ ਵਿਭਾਗ ਵਿੱਚ ਹੀ ਸੇਵਾ ਨਿਭਾ ਰਹੇ ਡਾ.ਗੁਰਜੰਟ ਸਿੰਘ ਨੇ ਆਪਣੀ ਪੰਜਾਬੀ ਮਾਂ ਬੋਲੀ ਦੇ ਸਬੰਧੀ ਇੱਕ ਕਵੀਸ਼ਰੀ ਪੇਸ਼ ਕਰਕੇ ਰੰਗ ਬੰਨਿਆਂ । ਮੰਚ ਸੰਚਾਲਨ ਡਾ ਚਰਨਜੀਤ ਨੌਹਰਾ ਨੇ ਕੀਤਾ । ਇਸ ਮੌਕੇ ਵਿਭਾਗ ਦੇ ਪ੍ਰੋਫੈਸਰ ਡਾ.ਹਰਵਿੰਦਰ ਸਿੰਘ ਧਾਲੀਵਾਲ. ਡਾ.ਦਵਿੰਦਰ ਸਿੰਘ ਅਤੇ ਡਾ ਤਲਵਿੰਦਰ ਸਿੰਘ ਅਤੇ ਸੁਖਜਿੰਦਰ ਬੁੱਟਰ ਵੀ ਹਾਜ਼ਿਰ ਸਨ ।
ਕਾਵਿ ਉਚਾਰਨ ਦੇ ਮੁਕਾਬਲਿਆਂ ਵਿਚੋਂ ਮਕੈਨੀਕਲ ਇੰਜੀਨੀਅਰਿੰਗ ਦੇ ਬੀ. ਟੈਕ. ਤੀਸਰੇ ਸਾਲ ਦੀ ਵਿਦਿਆਰਥਣ ਜਸਮੋਲਪ੍ਰੀਤ ਕੌਰ , ਦੂਜੇ ਸਥਾਨ ਉੱਤੇ ਬੀ.ਟੈਕ ਪਹਿਲਾ ਸਾਲ ਦੀ ਵਿਦਿਆਰਥਣ ਸੁਖਵਿੰਦਰ ਕੌਰ ਅਤੇ ਤੀਸਰੇ ਸਥਾਨ ਉੱਤੇ ਗੁਰਦਿੱਤ ਸਿੰਘ ਆਏ । ਭਾਸ਼ਣ ਮੁਕਾਬਲਿਆਂ ਵਿਚੋਂ ਪਹਿਲੇ ਸਥਾਨ ਉੱਤੇ ਜਸਮੋਲਪ੍ਰੀਤ ਕੌਰ, ਦੂਜੇ ਸਥਾਨ ਉੱਤੇ ਕਮਲਪ੍ਰੀਤ ਸਿੰਘ ਅਤੇ ਤੀਸਰੇ ਸਥਾਨ ਉੱਤੇ ਹਰਪ੍ਰੀਤ ਕੌਰ ਰਹੀ । ਇਸੇ ਤਰਾਂ ਪੰਜਾਬੀ ਭਾਸ਼ਾ ਨਾਲ਼ ਸਬੰਧਿਤ ਪੋਸਟਰ ਬਣਾਉਣ ਦੇ ਮੁਕਾਬਲਿਆਂ ਵਿੱਚੋਂ ਪਹਿਲੇ ਸਥਾਨ ਉੱਤੇ ਕਮਲਪ੍ਰੀਤ ਸਿੰਘ, ਦੂਜੇ ਸਥਾਨ ਉੱਤੇ ਹਰਮਨਦੀਪ ਸਿੰਘ ਅਤੇ ਤੀਜੇ ਸਥਾਨ ਉੱਤੇ ਸਿਮਰਪ੍ਰੀਤ ਸਿੰਘ ਰਿਹਾ । ਕਾਵਿ ਉਚਾਰਨ ਅਤੇ ਭਾਸ਼ਣ ਦੇ ਮੁਕਾਬਲਿਆਂ ਵਿੱਚ ਜੱਜ ਦੀ ਭੂਮਿਕਾ ਡਾ. ਗੁਰਜੰਟ ਸਿੰਘ ਅਤੇ ਡਾ. ਰਾਜਦੀਪ ਸਿੰਘ ਨੇ ਨਿਭਾਈ ਅਤੇ ਪੋਸਟਰ ਬਣਾਉਣ ਦੇ ਮੁਕਾਬਲਿਆਂ ਵਿੱਚ ਜੱਜ ਦੀ ਭੂਮਿਕਾ ਪਰਮੀਤ ਕੌਰ ਨੇ ਨਿਭਾਈ । ਜ਼ਿਕਰਯੋਗ ਹੈ ਕਿ ਸੋਮਾਲੀਆ ਤੋਂ ਐਮ॰ਟੈਕ. ਕਰਨ ਆਏ ਵਿਦੇਸ਼ੀ ਵਿਦਿਆਰਥੀ ਇਸਮਾਈਲ ਹਸਨ ਨੇ ਵੀ ਆਪਣੀ ਸੋਮਾਲੀ ਭਾਸ਼ਾ ਵਿੱਚ ਇੱਕ ਕਵਿਤਾ ਪੇਸ਼ ਕੀਤੀ।