ਮਾਨਸਾ : ਸਿੱਖਿਆ ਵਿਭਾਗ ਦਾ ਬਾਬਾ ਆਲਮ ਹੀ ਨਿਰਾਲਾ ਹੈ ਪਹਿਲਾਂ ਤਾਂ ਸਕੂਲ ਮੁਖੀ ਅਤੇ ਅਧਿਆਪਕ ਹਫਤੇ ਵਿਚ ਇਕ ਦਿਨ ਪੂਰੀਆਂ ਬਣਾਉਣ ਲਈ ਰੁੱਝੇ ਰਹਿੰਦੇ ਹਨ । ਨਵੇਂ ਹੁਕਮਾਂ ਨੇ ਅਧਿਆਪਕਾਂ ਲਈ ਨਵੀ ਮੁਸੀਬਤ ਖੜੀ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵੱਲੋਂ ਪੰਜਾਬ ਐਗਰੋ ਰਾਹੀਂ ਸਕੂਲਾਂ ਵਿੱਚ ਬੱਚਿਆਂ ਲਈ ਹਫਤੇ ਵਿਚ ਇਕ ਦਿਨ ਕਿੰਨੂ ਦਿੱਤੇ ਜਾਣੇ ਹਨ। ਇੰਨਾ ਕਿੰਨੂਆਂ ਦੀ ਸਪਲਾਈ ਬਲਾਕ ਪ੍ਰਾਇਮਰੀ ਸਿੱਖਿਆ ਦਫਤਰਾਂ ਰਾਹੀਂ ਕੀਤੀ ਜਾਣੀ ਹੈ। ਅਧਿਆਪਕ ਇੱਕ ਦਿਨ ਪਹਿਲਾਂ ਜਾ ਕੇ ਦਫ਼ਤਰੋਂ ਕਿੰਨੂ ਪ੍ਰਾਪਤ ਕਰਨਗੇ ਅਤੇ ਅਗਲੇ ਦਿਨ ਬੱਚਿਆਂ ਨੂੰ ਵੰਡਣਗੇ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਅਤੇ ਸੂਬਾ ਸਕੱਤਰ ਬਲਬੀਰ ਲੌਂਗੋਵਾਲ ਦੀ ਅਗਵਾਈ ਵਿੱਚ ਜਿਲ੍ਹਾ ਮਾਨਸਾ ਦੇ ਪ੍ਰਧਾਨ ਕਰਮਜੀਤ ਤਾਮਕੋਟ ਅਤੇ ਸਕੱਤਰ ਹਰਜਿੰਦਰ ਅਨੂਪਗੜ ਨੇ ਅਧਿਆਪਕਾਂ ਦੀ ਖੱਜਲ ਖੁਾਰੀ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਬਿਨਾਂ ਸੋਚੇ ਸਮਝੇ ਅਧਿਆਪਕ ਵਿਰੋਧੀ ਫੈਸਲੇ ਲਏ ਜਾ ਰਹੇ ਹਨ ਉਹਨਾਂ ਕਿਹਾ ਕਿ ਜੇਕਰ ਬੱਚਿਆਂ ਨੂੰ ਮੌਸਮੀ ਫਲ ਦੇਣਾ ਹੈ ਤਾਂ ਇਸ ਦੀ ਸਪਲਾਈ ਵੀ ਸਕੂਲਾਂ ਵਿੱਚ ਯਕੀਨੀ ਬਣਾ ਲਈ ਜਾਣੀ ਚਾਹੀਦੀ। ਡੀ ਟੀ ਐਫ ਸੀਨੀਅਰ ਆਗੂਆਂ ਗੁਰਤੇਜ ਉਭਾ, ਨਵਜੋਸ਼ ਸਪੋਲੀਆ ਤੇ ਰਾਜਵਿੰਦਰ ਬੈਹਣੀਵਾਲ ਨੇ ਸਿੱਖਿਆ ਭਾਗ ਦੀਆਂ ਇਹਨਾਂ ਨੀਤੀਆਂ ਦੀ ਨਿਖੇਧੀ ਕਰਦਿਆ ਕਿਹਾ ਕੇ ਵਿਭਾਗ ਵੱਲੋਂ ਪਹਿਲਾਂ ਤਾਂ ਵਿਦਿਆਰਥੀਆਂ ਨੂੰ ਹਫਤੇ ਵਿੱਚ ਇੱਕ ਦਿਨ ਪੂੜੀਆਂ ਛੋਲੇ ਬਣਾ ਕੇ ਦੇਣ ਦਾ ਫਰਮਾਨ ਜਾਰੀ ਕੀਤਾ ਜਾ ਚੁੱਕਾ ਹੈ ਉਸ ਦਿਨ ਸਾਰਾ ਸਟਾਫ ਖਾਣੇ ਵਿੱਚ ਉਲਝ ਕੇ ਰਹਿ ਜਾਂਦਾ ਹੈ। ਹੁਣ ਜਦੋਂ ਪੇਪਰਾਂ ਦੇ ਦਿਨ ਚੱਲ ਰਹੇ ਹਨ ਵਿਦਿਆਰਥੀਆਂ ਨੂੰ ਸਿਲੇਬਸ ਦੀ ਦੁਹਰਾਈ ਕਰਵਾਈ ਜਾ ਰਹੀ ਹੈ। ਅਜਿਹੇ ਸਮੇਂ ਇੱਕ ਅਧਿਆਪਕ ਬਲਾਕ ਦਫਤਰਾਂ ਵਿੱਚੋਂ ਕਿੰਨੂ ਚੁੱਕਣ ਤੇ ਲਗਾ ਦਿੱਤਾ ਗਿਆ ਹੈ। ਇਸ ਤਰ੍ਹਾਂ ਜਿੱਥੇ ਅਧਿਆਪਕਾਂ ਦੀ ਖੱਜਲ ਖੁਆਰੀ ਵਧੇਗੀ ਉਥੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਵੀ ਹੋਵੇਗਾ। ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਮੌਸਮੀ ਫਲ ਸਕੂਲਾਂ ਵਿੱਚ ਪਹੁੰਚਦਾ ਕੀਤਾ ਜਾਵੇ ਪੂੜੀਆਂ ਦੀ ਥਾਂ ਤੇ ਪੌਸ਼ਟਿਕ ਭੋਜਨ ਦਾ ਬਦਲਵਾਂ ਪ੍ਰਬੰਧ ਕੀਤਾ ਜਾਵੇ।ਇਸ ਸਮੇਂ ਨਿਧਾਨ ਸਿੰਘ,ਅਮ੍ਰਿਤਪਾਲ ਖ਼ੈਰਾ, ਸ਼ਿੰਗਾਰਾ ਸਿੰਘ, ਚਰਨਪਾਲ ਸਿੰਘ, ਹਰਫੂਲ ਬੋਹਾ, ਜਸਵਿੰਦਰ ਸਿੰਘ, ਤਰਸੇਮ ਬੋੜਾਵਾਲ, ਜਗਦੇਵ ਸਿੰਘ, ਰਾਜਿੰਦਰਪਾਲ ਸਿੰਘ, ਸੁਖਚੈਨ ਸੇਖੋਂ, ਗੁਰਪ੍ਰੀਤ ਭੀਖੀ, ਗੁਰਬਚਨ ਹੀਰੇਵਾਲਾ, ਗੁਰਜੀਤ ਮਾਨਸਾ, ਗੁਰਦੀਪ ਬਰਨਾਲਾ,ਸਿਕੰਦਰ ਸਿੰਘ, ਮਨਦੀਪ ਸਿੰਘ, ਹਰਵਿੰਦਰ ਕੋਟੜਾ, ਹਰਜੀਤ ਸਿੰਘ ਜੋਗਾ, ਬਲਜੀਤ ਅਕਲੀਆ ਅਤੇ ਜਗਰਾਜ ਸਿੰਘ ਅਕਲੀਆ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਆਗੂ ਹਾਜ਼ਰ ਸਨ।