ਪਟਿਆਲਾ : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਇ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਦੌਰਾਨ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਸਰਵਣ ਰਾਹੀਂ ਨਿਹਾਲ ਕੀਤਾ ਅਤੇ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਮਨੁੱਖਤਾ ਦੀ ਭਲੇ ਦੀ ਅਰਦਾਸ ਕਰਦਿਆਂ ਸੰਗਤਾਂ ਨੂੰ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ। ਸੰਗਤਾਂ ਨੂੰ ਸੰਬੋਧਨ ਕਰਦਿਆਂ ਹੈਡ ਗ੍ਰੰਥ ਭਾਈ ਪ੍ਰਨਾਮ ਸਿੰਘ ਨੇ ਗੁਰੂ ਇਤਿਹਾਸ ’ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਗੁਰੂ ਸਾਹਿਬ ਸ਼ਾਂਤ ਸੁਭਾਅ, ਦਇਆ, ਕੋਮਲਤਾ ਅਤੇ ਸਦਗੁਣਾਂ ਦੇ ਧਾਰਨੀ ਸਨ। ਉਨ੍ਹਾਂ ਦਾ ਜੀਵਨ ਸਮੁੱਚੀ ਮਾਨਵਤਾ ਲਈ ਪ੍ਰੇਰਨਾਮਈ ਹੈ। ਇਸ ਮੌਕੇ ਭਗਤ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਗਈ, ਜਿਨ੍ਹਾਂ ਦੇ ਭੋਗ ਭਲਕੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਪਾਏ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਤ ਮੈਨੇਜਰ ਜਰਨੈਲ ਸਿੰਘ ਮਕਰੌੜ ਸਾਹਿਬ, ਮਨਦੀਪ ਸਿੰਘ ਭਲਵਾਨ, ਸਰਬਜੀਤ ਸਿੰਘ, ਹਰਵਿੰਦਰ ਸਿੰਘ ਕਾਹਲਵਾਂ, ਵਰਿੰਦਰ ਸਿੰਘ ਗੋਲਡੀ, ਮਨਦੀਪ ਸਿੰਘ, ਗੁਰਤੇਜ ਸਿੰਘ, ਭਾਈ ਹਜੂਰ ਸਿੰਘ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਅਤੇ ਸਟਾਫ ਮੈਂਬਰ ਆਦਿ ਸ਼ਾਮਲ ਸਨ।