ਬੀਜਿੰਗ : ਦੇਸ਼ ਦੇ ਘਰੇਲੂ ਮਾਮਲਿਆਂ ਦੇ ਮੰਤਰਾਲੇ ਦੇ ਸਕੱਤਰ ਮਾਈਕ ਪੈਜ਼ੂਲੋ ਦੇ ਬਿਆਨ ‘ਕਿ ਸਮੁੱਚੀ ਦੁਨੀਆਂ ਅੰਦਰ ਜੰਗ ਦੇ ਨਗਾੜੇ ਵੱਜ ਰਹੇ ਹਨ,’ਉਪਰ ਟਿੱਪਣੀ ਕਰਦਿਆਂ ਚੀਨ ਦੇ ਬਾਹਰੀ ਰਾਜਾਂ ਦੇ ਮੰਤਰਾਲੇ ਦੇ ਬੁਲਾਰੇ -ਝਾਉ ਲਿਜੀਐਨ, ਨੇ ਇੱਕ ਬਿਆਨ ਵਿੱਚ ਕਿਹਾ ਕਿ ਆਸਟ੍ਰੇਲੀਆ ਦੇਸ਼ ਦੇ ਕਈ ਮੰਤਰੀ ਹੀ ਅਸਲ ਵਿੱਚ ਮੁਸੀਬਤਾਂ ਖੜ੍ਹੀਆਂ ਕਰਨ ਵਾਲੇ ਹਨ ਅਤੇ ਆਪਣੇ ਬੇਤੁਕੇ ਬਿਆਨਾਂ ਰਾਹੀਂ ਪਹਿਲਾਂ ਤੋਂ ਹੀ ਚੱਲ ਰਹੀ ਟੈਨਸ਼ਨ ਨੂੰ ਹੋਰ ਵਧਾਉਣ ਵਿੱਚ ਲੱਗੇ ਹੋਏ ਹਨ। ਇਸ ਵਾਸਤੇ ਆਸਟ੍ਰੇਲੀਆਈ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਲੀਡਰਾਂ ਨੂੰ ਅਜਿਹੇ ਬਿਆਨ ਕਰਨ ਤੋਂ ਵਰਜਿਆ ਜਾਵੇ ਤਾਂ ਜੋ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਅੰਦਰ ਪਈ ਖਟਾਸ ਨੂੰ ਦੂਰ ਕੀਤਾ ਜਾ ਸਕੇ।
ਉਨ੍ਹਾਂ ਇਹ ਵੀ ਕਿਹਾ ਕਿ ਆਸਟ੍ਰੇਲੀਆਈ ਰਾਜਨੀਤੀ ਵਿੱਚਲੇ ਕੁੱਝ ਕੁ ਅਜਿਹੇ ਰਾਜਨੀਤਿਕ, ਜਿਨ੍ਹਾਂ ਨੂੰ ਅੰਤਰ ਰਾਸ਼ਟਰੀ ਮਾਮਲਿਆਂ ਆਦਿ ਨਾਲ ਕੁੱਝ ਵੀ ਲੈਣਾ ਦੇਣਾ ਨਹੀਂ ਹੁੰਦਾ, ਪਰੰਤੂ ਮਹਿਜ਼ ਆਪਣੇ ਬੇਤੁਕੇ ਬਿਆਨਾਂ ਕਾਰਨ ਸੁਰਖੀਆਂ ਬਟੋਰਨ ਦੀਆਂ ਕਾਰਵਾਈਆਂ ਕਰਦੇ ਰਹਿੰਦੇ ਹਨ, ਉਹ ਸਿਰਫ ਅਤੇ ਸਿਰਫ ਆਪਣੇ ਹੀ ਪੱਖ ਪੂਰਦੇ ਹਨ ਅਤੇ ਉਨ੍ਹਾਂ ਨੂੰ ਦੇਸ਼, ਕੌਮ ਅਤੇ ਦੁਨੀਆਵੀ ਸਬੰਧਾਂ ਆਦਿ ਨਾਲ ਕੋਈ ਵੀ ਸਰੋਕਾਰ ਨਹੀਂ ਹੁੰਦਾ। ਅਜਿਹੇ ਮੌਕਿਆਂ ਉਪਰ ਉਹ ਅਜਿਹੇ ਬਿਆਨ ਵੀ ਦੇਣੋਂ ਗੁਰੇਜ਼ ਨਹੀਂ ਕਰਦੇ ਕਿ ਬੱਸ ਹੁਣ ਤਾਂ ਜੰਗ ਲੱਗਣ ਦੀਆਂ ਤਿਆਰੀਆਂ ਹਨ ਅਤੇ ਅਜਿਹੇ ਬਿਆਨ ਦੋਹਾਂ ਦੇਸ਼ਾਂ ਵਿਚਾਲੇ ਰਿਸ਼ਤਿਆਂ ਲਈ ਬਹੁਤ ਹੀ ਘਾਤਕ ਹਨ ਅਤੇ ਇਹੋ ਜਿਹੜੇ ਰਾਜਨੀਤਿਕ ਲੋਕ ਹੀ ਅਸਲ ਸਮੱਸਿਆ ਦੀ ਜੜ੍ਹ ਹੁੰਦੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਵਪਾਰ ਆਦਿ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਸਮਝੌਤੇ ਕਾਇਮ ਹਨ ਅਤੇ ਇਸ ਨਾਲ ਦੋਹਾਂ ਦੇਸ਼ਾਂ ਨੂੰ ਹੀ ਆਰਥਿਕ ਤੌਰ ਤੇ ਫਾਇਦਾ ਹੁੰਦਾ ਹੈ ਅਤੇ ਚੀਨ ਇੱਕ ਅਜਿਹਾ ਦੇਸ਼ ਹੈ ਜੋ ਦੁਨੀਆ ਅੰਦਰ ਸਿਰਫ ਸ਼ਾਂਤੀ ਦਾ ਪੈਗ਼ਾਮ ਦਿੰਦਾ ਹੈ ਅਤੇ ਹਰ ਤਰਫ ਦੀ ਤਰੱਕੀ ਆਦਿ ਬਾਰੇ ਵਿੱਚ ਹੀ ਸੋਚਦਾ ਹੈ -ਜੰਗ ਜਾਂ ਮਾਰ ਕਾਟ ਬਾਰੇ ਨਹੀਂ।