ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਨੇ ਐਨ.ਐਸ.ਐਸ. ਵਲੰਟਰੀਆਂ ਨੂੰ ਸਮਾਜ ਵਿੱਚ ਬਦਲਾਅ ਲਿਆਉਣ ਵਾਲੇ ਹੋਰਨਾ ਕਾਰਜਾਂ ਨਾਲ ਵੀ ਜੋੜਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਹੈ। ਇਸ ਸਬੰਧ ਵਿੱਚ ਉਨ੍ਹਾਂ ਨੇ ਵਾਤਾਵਰਣ ਨੂੰ ਬਚਾਉਣ, ਪੌਦੇ ਲਾਉਣ, ਨਸ਼ਾ ਮੁਕਤੀ ਲਹਿਰ ਵਿੱਚ ਸਰਗਰਮੀ ਆਦਿ ਵਰਗੇ ਕਈ ਖੇਤਰਾਂ ਦੀ ਸ਼ਨਾਖਤ ਕੀਤੀ। ਅੱਜ ਇਥੇ ਗੁਰੂ ਤੇਗ ਬਹਾਦਰ ਹਾਲ ਵਿਖੇ ਅੱਠਵੀਂ ਐਨ.ਐਸ.ਐਸ. ਯੂਵਾ ਕਨਵੈਂਸ਼ਨ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਕਿਹਾ ਕਿ ਐਨ.ਐਸ.ਐਸ. ਵਿਦਿਆਰਥੀਆਂ ਵਿੱਚ ਸੇਵਾ ਭਾਵਨਾ ਨਾਲ ਪੈਦਾ ਕਰਨ ਤੋਂ ਇਲਾਵਾ ਆਮ ਲੋਕਾਂ ਦੀ ਵਲੰਟੀਅਰੀ ਤੌਰ ’ਤੇ ਮਦਦ ਤੇ ਭਲਾਈ ਕਰਨ ਲਈ ਵੀ ਪ੍ਰੇਰਤ ਕਰਦੀ ਹੈ।
ਇਸ ਕਰਕੇ ਸਾਰੇ ਵਿਦਿਆਰਥੀਆਂ ਨੂੰ ਇਸ ਵਿੱਚ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਦਾ ਪੜ੍ਹਾਈ ਦੇ ਨਾਲ ਨਾਲ ਸਮੁੱਚਾ ਵਿਕਾਸ ਯਕੀਨੀ ਬਣਦਾ ਹੈ ਅਤੇ ਉਸ ਵਿੱਚ ਦਿਆਨਤਦਾਰੀ, ਦਿਆਲੂਪਨ ਅਤੇ ਸਮਰਪਣ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਦੌਰਾਨ ਪ੍ਰੋ. ਅਰਵਿੰਦ ਨੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਐਨ.ਐਸ.ਐਸ. ਵਿੱਚ ਸ਼ਾਮਿਲ ਹੋਣ ਦੀ ਪ੍ਰੇਰਨਾ ਦਿੱਤੀ ਅਤੇ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ ਨਾਲ ਸਮਾਜ ਭਲਾਈ ਦੇ ਕਾਰਜਾਂ ਵਿੱਚ ਵੀ ਸਰਗਰਮ ਹੋਣ ਦੀ ਸਰਗਰਮ ਹੋਣ ਦੀ ਸਲਾਹ ਦਿੱਤੀ। ਇਸ ਐਨ.ਐਸ.ਐਸ. ਯੂਵਾ ਕਨਵੈਂਸ਼ਨ ਵਿੱਚ ਰਾਉਂਡ ਗਲਾਸ ਫਾਉਂਡੇਸ਼ਨ ਦੇ ਚੇਅਰਮੈਨ ਡਾ. ਰਜਨੀਸ਼ ਕੁਮਾਰ ਨੇ ਕੁੰਜੀਵਤ ਭਾਸ਼ਣ ਦਿੱਤਾ। ਉਹਨਾਂ ਨੇ ਵਾਤਾਵਰਨ ਦੀ ਸਮੱਸਿਆ ਨੂੰ ਜ਼ੋਰਦਾਰ ਢੰਗ ਨਾਲ ਉਭਾਰਿਆ ਅਤੇ ਇਸ ਨੂੰ ਬਚਾਉਣ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਧੇਰੇ ਦਰਖਤ ਲਾਉਣ ਦੀ ਅਪੀਲ ਕੀਤੀ ਉਹਨਾਂ ਨੇ ਵੱਖ-ਵੱਖ ਸਮਾਜਿਕ ਸਮੱਸਿਆਵਾਂ ਨੂੰ ਉਭਾਰਦੇ ਹੋਏ ਐਨ.ਐਸ.ਐਸ. ਵਲੰਟਰੀਆਂ ਨੂੰ ਇਨ੍ਹਾਂ ਦੇ ਨਿਪਟਾਰੇ ਲਈ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ।
ਇਸ ਦੌਰਾਨ ਪੰਜਾਬੀ ਯੂਨੀਵਰਸਿਟੀ ਨਾਲ ਸੰਬੰਧਿਤ ਕਾਲਜਾਂ ਅਤੇ ਕੈਂਪਸ ਵਿੱਚ ਚੱਲ ਰਹੇ ਐਨ.ਐਸ.ਐਸ. ਯੂਨਿਟਾਂ ਦੁਆਰਾ ਕੀਤੀਆਂ ਗਈਆਂ ਗਤੀਵਿਧੀਆਂ ਦੇ ਆਧਾਰ ਉੱਤੇ ਚੁਣੇ ਗਏ ਸਰਵੋਤਮ ਕਾਲਜ, ਸਰਵੋਤਮ ਪ੍ਰੋਗਰਾਮ ਅਫਸਰ, ਸਰਵੋਤਮ ਵਲੰਟੀਅਰ ਤੋਂ ਇਲਾਵਾ ਹੋਰਨਾਂ ਦਾ ਵੀ ਵਾਈਸ ਚਾਂਸਲਰ ਨੇ ਸਨਮਾਨ ਕੀਤਾ। ਇਸ ਤੋਂ ਪਹਿਲਾਂ ਐਨ.ਐਸ.ਐਸ. ਦੀ ਇਨਚਾਰਜ ਪ੍ਰੋਫੈਸਰ ਮਮਤਾ ਸ਼ਰਮਾ ਨੇ ਐਨ.ਐਸ.ਐਸ. ਦੀਆਂ ਸਰਗਰਮੀਆਂ ਦੇ ਬਾਰੇ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਨਵਜੋਤ ਕੌਰ ਵੀ ਹਾਜ਼ਰ ਸਨ। ਯੂਥ ਕਨਵੈਂਸਨ ਵਿਚ 45 ਕਾਲਜਾਂ ਅਤੇ ਯੂਨੀਵਰਸਿਟੀ ਕੈਪਸ ਤੋ ਲਗਭਗ 1000 ਵਲੰਟੀਅਰਜ਼ ਨੇ ਭਾਗ ਲਿਆ। ਡਾਇਰੈਕਟਰ ਮੈਡਮ ਹਰਿੰਦਰ ਕੌਰ ਅਤੇ ਸਟੇਟ ਐਨਐਸਐਸ ਅਸਿਸਟੈਂਟ ਡਾਇਰੈਕਟਰ ਰੁਪਿੰਦਰ ਕੌਰ ਨੇ ਖਾਸ ਤੌਰ ਤੇ ਸ਼ਿਰਕਤ ਕੀਤੀ। ਯੂਨੀਵਰਸਿਟੀ ਕੈਂਪਸ ਦੇ ਪ੍ਰੋਗਰਾਮ ਅਫ਼ਸਰਾਂ ਡਾ ਲਖਵੀਰ, ਡਾ ਸੰਦੀਪ ਸਿੰਘ, ਡਾ ਸਿਮਰਨਜੀਤ ਸਿੰਘ, ਇੰਜੀ ਚਿਰੰਜੀਵ ਸਿੰਘ ਅਤੇ ਇੰਜੀ ਅਨੁਭਵ ਭੰਡਾਰੀ ਨੇ ਇਸ ਯੂਥ ਕਨਵੈਨਸ਼ਨ ਨੂੰ ਕਾਮਯਾਬ ਕਰਨ ਵਿਚ ਖਾਸ ਯੋਗਦਾਨ ਦਿੱਤਾ.