‘ਸਵੱਛ ਭਾਰਤ’ ਮੁਹਿੰਮ ਤਹਿਤ ਚਲਾਏ ਜਾ ਰਹੇ ਕਾਇਆਕਲਪ ਪ੍ਰੋਗਰਾਮ ਅਧੀਨ ਵੱਡੀ ਪੁਲਾਂਘ ਪੁੱਟਦਿਆਂ ਜ਼ਿਲ੍ਹਾ ਹਸਪਤਾਲ ਮੋਹਾਲੀ ਨੇ ਪੰਜਾਬ ਭਰ ਵਿਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਜ਼ਿਲ੍ਹੇ ਦੀਆਂ ਅੱਠ ਹੋਰ ਸਰਕਾਰੀ ਸਿਹਤ ਸੰਸਥਾਵਾਂ ਨੇ ਵੀ ਵੱਡੀਆਂ ਮੱਲਾਂ ਮਾਰੀਆਂ ਹਨ। ਇਹ ਵੱਕਾਰੀ ਰੁਤਬੇ ਹਾਸਲ ਹੋਣ ’ਤੇ ਕੇਕ ਕੱਟ ਕੇ ਖ਼ੁਸ਼ੀ ਮਨਾਉਂਦਿਆਂ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਦਸਿਆ ਕਿ ਕਾਇਆਕਲਪ ਪ੍ਰੋਗਰਾਮ ਅਧੀਨ ਹਰ ਸਾਲ ਸਿਹਤ ਸੰਸਥਾਵਾਂ ਨੂੰ ਕਈ ਪੈਮਾਨਿਆਂ ’ਤੇ ਜਾਂਚਿਆ ਜਾਂਦਾ ਹੈ ਜਿਨ੍ਹਾਂ ਵਿਚ ਮੁੱਖ ਤੌਰ ’ਤੇ ਸਾਫ਼-ਸਫ਼ਾਈ, ਮਰੀਜ਼ਾਂ ਦੇ ਬੈਠਣ ਲਈ ਪ੍ਰਬੰਧ, ਸਜਾਵਟ, ਸਟਾਫ਼ ਦੀ ਡਰੈਸ, ਪੀਣ ਵਾਲਾ ਪਾਣੀ, ਪਾਰਕ, ਮਰੀਜ਼ਾਂ ਲਈ ਡਾਕਟਰੀ ਸਹੂਲਤਾਂ, ਹਸਪਤਾਲ ਦਾ ਸਮੁੱਚਾ ਵਾਤਾਵਰਣ ਆਦਿ ਸ਼ਾਮਲ ਹੁੰਦੇ ਹਨ।