ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਦੁਨੀਆਂ ਵਿਚ ਜੇਕਰ ਕੋਈ ਸਭ ਤੋਂ ਪਵਿੱਤਰ ਸਥਾਨ ਹੈ ਤਾਂ ਉਹ ਅਧਿਆਪਕ ਦਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਜਗਤ ਵਿਚ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਹੈ। ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਹੁਣ ਹਰ ਹਫ਼ਤੇ ਟੀਚਰ ਆਫ਼ ਦਾ ਵੀਕ ਲਿਆਂਦੇ ਜਾਣਗੇ। ਉਨ੍ਹਾਂ ਦੇ ਯੋਗਦਾਨ ਅਤੇ ਸੰਘਰਸ਼ ਨੂੰ ਪ੍ਰੈੱਸ ਅਤੇ ਪੰਜਾਬ ਨੂੰ ਦੱਸਿਆ ਜਾਵੇਗਾ। ਸੰਗਰੂਰ ਦੇ ਇਕ ਸਕੂਲ ਦੇ ਇਕ ਅਧਿਆਪਕ ਜੋੜੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸਕੂਲ ਨੂੰ ਦਿੱਤੀ ਹੈ। ਛੁੱਟੀਆਂ ਤੋਂ ਬਾਅਦ ਵੀ ਸਕੂਲ ਵਿਚ ਰਹਿ ਕੇ ਉਹ ਬੱਚਿਆਂ ਨਾਲ ਖੇਡਾਂ ਖੇਡਦੇ ਹਨ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦਾ ਸਿੱਖਿਆ ਵਿਭਾਗ ਹੈ ਅਤੇ ਅਜਿਹੀਆਂ ਸੈਂਕੜੇ ਮਿਸਾਲਾਂ ਹਨ। ਇਸ ਤੋਂ ਪਹਿਲਾਂ ਬੈਂਸ ਨੇ ਉਨ੍ਹਾਂ ਨੂੰ ਸਿੱਖਿਆ ਵਿਭਾਗ ਦਾ ਚਾਰਜ ਸੌਂਪਣ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ। ਨਾਲ ਹੀ ਕਿਹਾ ਕਿ ਹੁਣ ਤੋਂ ਪਹਿਲਾਂ ਸਿੱਖਿਆ ਵਿਭਾਗ ਨੂੰ ਪਿਕਟਿੰਗ ਅਤੇ ਲਾਠੀਚਾਰਜ ਦਾ ਵਿਭਾਗ ਮੰਨਿਆ ਜਾਂਦਾ ਸੀ, ਜੋ ਕਿ ਪੰਜਾਬ ਦੀ ਤਰਾਸਦੀ ਸੀ। ਜਿਸ ਵਿਭਾਗ ਦੇ ਹੱਥਾਂ ਵਿਚ ਹਰ ਬੱਚੇ ਦਾ ਭਵਿੱਖ ਹੈ, ਉਹੀ ਮਹਿਕਮਾ ਧਰਨਾ ਦੇ ਰਿਹਾ ਸੀ ਪਰ ਹੁਣ ਅਜਿਹਾ ਨਹੀਂ ਹੈ।