ਖਾਲੜਾ : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੱਲੋਂ ਅੱਜ ਕਸਬਾ ਸੁਰ ਸਿੰਘ ਵਿਖੇ ਬਿਜਲੀ ਘਰ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਕੈਬਨਿਟ ਮੰਤਰੀ ਪੰਜਾਬ ਸ. ਹਰਭਜਨ ਸਿੰਘ ਈਟੀਓ, ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਅਤੇ ਡਾਇਰੈਕਟਰ ਪ੍ਰਬੰਧਕੀ ਜਸਬੀਰ ਸਿੰਘ ਢਿੱਲੋਂ ਸੁਰ ਸਿੰਘ ਵੱਲੋਂ ਰੱਖਿਆ ਗਿਆl ਇਸ ਮੌਕੇ ਸੰਬੋਧਨ ਕਰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਬਿਜਲੀ ਬੋਰਡ ਨੂੰ ਮੁਨਾਫੇ ਚ ਲਿਆਉਣ ਲਈ ਬਹੁਤ ਵੱਡਾ ਰੋਲ ਨਿਭਾਇਆ ਹੈ | ਉਹਨਾਂ ਕਿਹਾ ਕਿ ਮਾਨ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਸਰਕਾਰੀ ਕਰ ਦਿੱਤਾ ਹੈ, ਜਿਸ ਦਾ ਨਾਂ ਸ਼੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਗੋਇੰਦਵਾਲ ਸਾਹਿਬ ਰੱਖਿਆ ਗਿਆ ਹੈ, ਜਿਸ ਨਾਲ ਸੂਬੇ ਅੰਦਰ ਬਿਜਲੀ ਦੀ ਕੋਈ ਕਿੱਲਤ ਨਹੀਂ ਰਹਿ ਜਾਵੇਗੀ|
ਉਹਨਾਂ ਕਿਹਾ ਕਿ ਮਾਨ ਸਰਕਾਰ ਨੇ 40 ਹਜ਼ਾਰ ਦੇ ਕਰੀਬ ਸਰਕਾਰੀ ਨੌਕਰੀਆਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਹਨ, ਜਿੰਨਾਂ ਵਿੱਚੋਂ 4600 ਨੌਕਰੀਆਂ ਇਕੱਲੇ ਬਿਜਲੀ ਬੋਰਡ ਅੰਦਰ ਹੀ ਦਿੱਤੀਆਂ ਹਨ। ਉਹਨਾਂ ਕਿਹਾ ਕਿ ਸੁਰ ਸਿੰਘ ਦੇ ਬਿਜਲੀ ਘਰ ਦੇ ਨਿਰਮਾਣ ਉੱਤੇ ਤਕਰੀਬਨ ਇਕ ਕਰੋੜ 30 ਲੱਖ ਰੁਪਏ ਦੀ ਲਾਗਤ ਆਵੇਗੀ। ਜਿਸ ਨਾਲ ਇਸ ਦੀ ਇਮਾਰਤ ਬਿਲਕੁੁਲ ਵਧੀਆ ਬਣ ਕੇ ਤਿਆਰ ਹੋ ਜਾਵੇਗੀ| ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਫਰਿਸ਼ਤੇ ਸਕੀਮ ਦੀ ਵੀ ਸ਼ੁਰੂਆਤ ਕੀਤੀ ਹੈ ਅਤੇ ਸੜਕ ਸੁਰੱਖਿਆ ਫੋਰਸ ਦਾ ਵੀ ਗਠਨ ਕੀਤਾ ਹੈ ਅਤੇ 30 ਕਿਲੋਮੀਟਰ ਦੇ ਘੇਰੇ ਅੰਦਰ ਸੜਕ ਸੁਰੱਖਿਆ ਫੋਰਸ ਦੀਆਂ ਗੱਡੀਆਂ ਤੈਨਾਤ ਕੀਤੀਆਂ ਹਨ| ਇਸ ਤੋਂ ਇਲਾਵਾ ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਅਤੇ ਸਰਕਾਰ ਆਪ ਦੇ ਦੁਆਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਅਧੀਨ 45 ਸੇਵਾਵਾਂ ਇੱਕੋ ਛੱਤ ਥੱਲੇ ਪਿੰਡ-ਪਿੰਡ ਜਾ ਕੇ ਦਿੱਤੀਆਂ ਜਾ ਰਹੀਆਂ ਹਨ l ਇਸ ਮੌਕੇ ਗੁਰਵਿੰਦਰ ਸਿੰਘ ਬਹਿੜਵਾਲ ਚੇਅਰਮੈਨ ਜ਼ਿਲਾ ਯੋਜਨਾ ਬੋਰਡ ਤਰਨ ਤਾਰਨ, ਐਸ ਸੀ ਤਰਨ ਤਾਰਨ ਮੁਹਤਮ ਸਿੰਘ, ਐਕਸੀਅਨ ਹਰਪ੍ਰੀਤ ਸਿੰਘ ਸਿਟੀ, ਐਸਡੀਓ ਸੁਰ ਸਿੰਘ ਸਵਿੰਦਰ ਸਿੰਘ, ਗੁਰਵਿੰਦਰ ਸਿੰਘ ਢਿੱਲੋਂ ਸਿਆਸੀ ਸਲਾਹਕਾਰ ਜਸਬੀਰ ਸਿੰਘ, ਰਾਜਬੀਰ ਸਿੰਘ ਢਿੱਲੋਂ ਤੇ ਪਿੰਡ ਵਾਸੀ ਹਾਜ਼ਰ ਸਨ l