ਸਾਡਾ ਦੇਸ਼ ਭਾਰਤ ਜੋ ਕਿ ਅਨੇਕਤਾ ਵਿੱਚ ਏਕਤਾ ਦੇ ਲਈ ਪੂਰੇ ਵਿਸ਼ਵ ਦੇ ਵਿੱਚ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦਾ ਇਤਿਹਾਸ , ਇਥੋਂ ਦਾ ਮਿਥਿਹਾਸ , ਇਥੋਂ ਦੀ ਧਾਰਮਿਕ ਭਾਵਨਾ , ਅਧਿਆਤਮਕਤਾ , ਰੂਹਾਨੀਅਤ ਅਤੇ ਇੱਥੋਂ ਦੇ ਵੱਖ-ਵੱਖ ਤਰ੍ਹਾਂ ਦੇ ਮੌਸਮ, ਵੱਖ - ਵੱਖ ਕਿਸਮਾਂ ਦੀ ਧਰਤੀ ਆਦਿ ਸਮੁੱਚੇ ਵਿਸ਼ਵ ਵਿੱਚ ਆਪਣੇ ਆਪ ਵਿੱਚ ਇੱਕ ਵੱਖਰੀ ਹੋਂਦ ਨੂੰ ਦਰਸਾਉਂਦੀ ਹੈ। ਭਾਰਤ ਦੇਸ਼ ਵਿੱਚ ਆ ਕੇ ਸੈਰ - ਸਪਾਟਾ ਕਰਨ ਦੇ ਨਾਲ਼ ਸਮੁੱਚੇ ਵਿਸ਼ਵ ਭਰ ਵਿੱਚ ਘੁੰਮਣ ਦਾ ਅਨੁਭਵ ਪ੍ਰਾਪਤ ਹੋ ਸਕਦਾ ਹੈ। ਸਾਡੇ ਦੇਸ਼ ਦੀ ਇਸੇ ਵਿਲੱਖਣਤਾ ਅਤੇ ਇੱਥੋਂ ਦੇ ਵੱਖਰੇਪਣ ਦੇ ਨਜਾਰਿਆਂ ਦਾ ਅਨੁਭਵ ਕਰਨ ਦੇ ਲਈ , ਇਥੋਂ ਦੀਆਂ ਗੱਲਾਂ , ਸੰਸਕ੍ਰਿਤੀ ਤੇ ਇਥੋਂ ਦੀ ਮਹਾਨਤਾ ਨੂੰ ਸਮਝਣ , ਦੇਖਣ ਤੇ ਅਨੁਭਵ ਕਰਨ ਦੇ ਲਈ ਸਮੁੱਚੇ ਵਿਸ਼ਵ ਦੇ ਸੈਲਾਨੀ ਬਹੁਤ ਆਸਥਾ , ਵਿਸ਼ਵਾਸ ਅਤੇ ਉਮੰਗ ਦੇ ਨਾਲ਼ ਆਪਣਾ ਕੀਮਤੀ ਸਮਾਂ ਕੱਢ ਕੇ ਤੇ ਆਪਣਾ ਧਨ ਖਰਚ ਕਰਕੇ ਸਾਡੇ ਦੇਸ਼ ਵਿੱਚ ਸੈਰ - ਸਪਾਟਾ ਕਰਨ ਦੇ ਲਈ , ਇੱਥੇ ਘੁੰਮਣ - ਫਿਰਨ ਦੇ ਲਈ , ਇਸ ਨੂੰ ਦੇਖਣ ਦੇ ਲਈ , ਇਸ ਦੀ ਵਿਹੰਗਮਤਾ ਨੂੰ ਸਮਝਣ ਦੇ ਲਈ ਤੇ ਇਸਦੇ ਅਲੌਕਿਕ ਨਜ਼ਾਰਿਆਂ ਦਾ ਅਨੰਦ ਲੈਣ ਦੇ ਲਈ ਇੱਥੇ ਆਉਂਦੇ ਹਨ। ਇਹ ਵਿਦੇਸ਼ੀ ਸੈਲਾਨੀ ਸਾਡੀ ਆਰਥਿਕਤਾ ਨੂੰ ਵੀ ਮਜ਼ਬੂਤ ਕਰਨ ਵਿੱਚ ਕਾਫ਼ੀ ਯੋਗਦਾਨ ਪਾਉਂਦੇ ਹਨ। ਸਾਨੂੰ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਇੱਕ ਚੰਗੇ ਨਾਗਰਿਕ ਹੋਣ ਦਾ ਸਬੂਤ ਦਿੰਦੇ ਹੋਏ ਇਹਨਾਂ ਇੱਥੇ ਆਉਣ ਵਾਲੇ ਆਸਵਾਨ ਵਿਦੇਸ਼ੀ ਸੈਲਾਨੀਆਂ ਨੂੰ ਬੋਲਬਾਣੀ , ਵਰਤੋਂ - ਵਿਹਾਰ ਰਾਹੀੰ ਉਨਾਂ ਪ੍ਰਤੀ ਨਜਰੀਏ ਨੂੰ ਸੁਚਾਰੂ , ਉਸਾਰੂ ਅਤੇ ਲਿਆਕਤ ਭਰਪੂਰ ਰੱਖਣਾ ਚਾਹੀਦਾ ਹੈ ਤਾਂ ਜੋ ਸਾਡੇ ਦੇਸ਼ ਦੀ ਮਹਾਨਤਾ , ਇੱਥੋਂ ਦੀ ਮਰਿਆਦਾ , ਇੱਥੋਂ ਦੀ ਵਿਚਿੱਤਰਤਾ ਅਤੇ ਇਥੋਂ ਦੇ ਲੋਕਾਂ ਦੇ ਚੰਗੇ ਵਿਹਾਰ ਦਾ ਸੰਦੇਸ਼ ਸਮੁੱਚੇ ਵਿਸ਼ਵ ਵਿੱਚ ਫੈਲ ਸਕੇ। ਜੇਕਰ ਅਸੀਂ ਸਦਾਚਾਰ ਦੇ ਨਾਲ਼ ਇਹਨਾਂ ਵਿਦੇਸ਼ੀ ਸੈਲਾਨੀਆਂ ਨਾਲ਼ ਅਪਣੱਤ ਭਾਵ ਰੱਖਦੇ ਹੋਏ ਗੱਲਬਾਤ ਤੇ ਵਰਤੋਂ ਵਿਹਾਰ ਕਰਦੇ ਹਾਂ ਤਾਂ ਇਸ ਵਿੱਚ ਸਾਡੀ ਅਤੇ ਸਾਡੇ ਦੇਸ਼ ਦੀ ਮਹਾਨਤਾ ਹੈ , ਸ਼ੋਭਾ ਹੈ , ਵਡਿਆਈ ਹੈ ਅਤੇ ਸਾਡਾ ਸਭ ਦਾ ਇਸ ਵਿੱਚ ਸਤਿਕਾਰ ਵੀ ਹੈ। ਇਸ ਦੇ ਨਾਲ਼ ਸਮੁੱਚੇ ਵਿਸ਼ਵ ਵਿੱਚ ਸਾਡੇ ਅਤੇ ਸਾਡੇ ਦੇਸ਼ ਦੇ ਪ੍ਰਤੀ ਇੱਕ ਬਹੁਤ ਚੰਗਾ ਸਦਭਾਵਨਾ ਵਾਲਾ ਤੇ ਇੱਥੋਂ ਦੀ ਮਹਾਨਤਾ ਵਾਲ਼ਾ ਸੰਦੇਸ਼ ਵੀ ਜਾਂਦਾ ਹੈ। ਜੋ ਕਿ ਸਾਡੇ ਤੇ ਸਾਡੇ ਦੇਸ਼ ਦੇ ਲਈ ਬਹੁਤ ਵੱਡੀ ਗੱਲ ਹੈ ਅਤੇ ਦੇਸ਼ - ਭਗਤੀ ਵਾਲੀ ਭਾਵਨਾ ਵੀ ਹੈ। ਆਓ ! ਇਸ ਛੋਟੀ ਜਿਹੀ ਗੱਲ ਵੱਲ ਗੌਰ ਕਰੀਏ ਤੇ ਆਪਣੇ ਦੇਸ਼ ਦੇ ਨਾਗਰਿਕਾਂ ਦੇ ਨਾਲ਼ - ਨਾਲ਼ ਵਿਦੇਸ਼ੀ ਸੈਲਾਨੀਆਂ ਦਾ ਚੰਗੇ ਵਰਤੋਂ ਵਿਹਾਰ ਅਤੇ ਚੰਗੀ ਮਿਠਾਸ ਭਰੀ ਬੋਲਬਾਣੀ ਦੇ ਨਾਲ਼ ਸਵਾਗਤ ਕਰੀਏ ਤੇ ਉਹਨਾਂ ਨਾਲ਼ ਮਿਲੀਏ - ਵਰਤੀਏ।
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
( ਪ੍ਰਸਿੱਧ ਲੇਖਕ ਸ਼੍ਰੀ ਅਨੰਦਪੁਰ ਸਾਹਿਬ )
ਸਾਹਿਤ ਵਿੱਚ ਕੀਤੇ ਹੋਏ ਕਾਰਜਾਂ ਦੇ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ
9478561356