ਪਟਿਆਲਾ : ਯੂਨੀਵਰਸਿਟੀ ਕਾਲਜ ਘਨੌਰ ਦੇ ਚਾਰ ਵਿਦਿਆਰਥੀਆਂ ਨੂੰ ‘ਜਿੰਦਲ ਸਟੀਲ ਵਰਕਸ' ਫ਼ਰਮ ਵੱਲੋਂ ਸੁਪਰਵਾਈਜ਼ਰ ਦੀ ਨੌਕਰੀ ਲਈ ਚੁਣਿਆ ਗਿਆ ਹੈ। ਉਪ-ਕੁਲਪਤੀ ਪ੍ਰੋ. ਅਰਵਿੰਦ ਵੱਲੋਂ ਇਨ੍ਹਾਂ ਚਾਰ ਵਿਦਿਆਰਥੀਆਂ ਅਮਨਦੀਪ ਕੌਰ, ਭਾਵਨਾ ਦੇਵੀ, ਗੋਲਡੀ ਸ਼ਰਮਾ ਅਤੇ ਲਖਵੀਰ ਸਿੰਘ ਨੂੰ ਸੰਬੰਧਤ ਫ਼ਰਮ ਤੋਂ ਪ੍ਰਾਪਤ ਹੋਏ ਨਿਯੁਕਤੀ ਪੱਤਰ ਸੌਂਪੇ ਗਏ। ਪ੍ਰੋ. ਅਰਵਿੰਦ ਨੇ ਵਿਦਿਆਰਥੀਆਂ ਅਤੇ ਕਾਲਜ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਦੌਰ ਵਿੱਚ ਜਦੋਂ ਹਰ ਪਾਸੇ ਰੁਜ਼ਗਾਰ ਦੀ ਸਮੱਸਿਆ ਹੈ ਤਾਂ ਵਿਦਿਆਰਥੀਆਂ ਦਾ ਇਸ ਤਰ੍ਹਾਂ ਪੜ੍ਹਦੇ ਸਮੇਂ ਕੈਂਪਸ ਵਿੱਚੋਂ ਹੀ ਨੌਕਰੀ ਲਈ ਚੁਣੇ ਜਾਣਾ ਵਿਸ਼ੇਸ਼ ਮਹੱਤਵ ਰਖਦਾ ਹੈ।
ਇਸ ਮੌਕੇ ਮੋਜੂਦ ਰਹੇ ਕਾਲਜ ਪ੍ਰਿੰਸੀਪਲ ਡਾ. ਲਖਵੀਰ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਾਲਜ ਦੇ ਪਲੇਸਮੈਂਟ ਸੈੱਲ ਵੱਲੋਂ ਇਸ ਸੰਬੰਧੀ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਪਲੇਸਮੈਂਟ ਸੈੱਲ ਦੇ ਕੋਆਰਡੀਨੇਟਰਜ਼ ਡਾ. ਗੁਰਲੀਨ ਆਹਲੂਵਾਲੀਆ ਅਤੇ ਡਾ. ਰੋਹਿਤ ਕੁਮਾਰ ਅਤੇ ਕੋ-ਕੋਆਰਡੀਨੇਟਰ ਸਹਾਇਕ ਪ੍ਰੋਫ਼ੈਸਰ ਪੁਸ਼ਪਿੰਦਰ ਸਿੰਘ, ਸ੍ਰ. ਗੁਰਤੇਜ ਸਿੰਘ ਅਤੇ ਮਨਿੰਦਰ ਸਿੰਘ ਵੱਲੋਂ ਇਸ ਦਿਸ਼ਾ ਵਿੱਚ ਕੀਤੀਆਂ ਕੋਸਿ਼ਸ਼ਾਂ ਬਾਰੇ ਜਿ਼ਕਰ ਕੀਤਾ।