ਪਟਿਆਲਾ : ਅਕਾਦਮਿਕ ਪੱਖੋਂ ਪੱਛੜੇ ਸਮਾਜ ਦੇ ਵੱਖ-ਵੱਖ ਵਰਗਾਂ ਤੱਕ ਸਿੱਖਿਆ ਦੀ ਪਹੁੰਚ ਯਕੀਨੀ ਬਣਾਏ ਜਾਣ ਵਿੱਚ ਡਿਸਟੈਂਸ ਅਤੇ ਔਨਲਾਈਨ ਮੋਡ ਰਾਹੀਂ ਦਿੱਤੀ ਜਾਣ ਵਾਲੀ ਸਿੱਖਿਆ ਦਾ ਵਿਸ਼ੇਸ਼ ਮਹੱਤਵ ਹੈ। ਅਜਿਹੇ ਵਰਗਾਂ ਲਈ ਸਿੱਖਿਆ ਦੀ ਇਹ ਵਿਧੀ ਵਰਦਾਨ ਸਾਬਿਤ ਹੁੰਦੀ ਹੈ। ਪ੍ਰੋ. ਅਰਵਿੰਦ ਨੇ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਡਿਸਟੈਂਸ ਐਂਡ ਔਨਲਾਈਨ ਲਰਨਿੰਗ ਵੱਲੋਂ ਵੱਖ-ਵੱਖ ਕੋਰਸਾਂ ਦੇ ਵਿਦਿਆਰਥੀਆਂ ਲਈ ਕਰਵਾਏ ਤੀਜੇ ਇੰਡਕਸ਼ਨ ਪ੍ਰੋਗਰਾਮ ਮੌਕੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਇਹ ਵਿਚਾਰ ਪ੍ਰਗਟਾਏ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਸੂਚਨਾ ਤਕਾਨਲੌਜੀ ਨੇ ਇਸ ਮੋਡ ਦੀ ਸਿੱਖਿਆ ਨੂੰ ਹੋਰ ਬਲ ਪ੍ਰਦਾਨ ਕੀਤਾ ਹੈ। ਉਨ੍ਹਾਂ ਸੈਂਟਰ ਵੱਲੋਂ ਕੀਤੇ ਜਾ ਰਹੇ ਫਰਵਰੀ ਤੋਂ ਦਸੰਬਰ ਸੈਸ਼ਨ ਦੇ ਦਾਖਲੇ ਨੂੰ ਨਵੀਂ ਪਹਿਲ ਦੱਸਿਆ। ਉਨ੍ਹਾਂ ਦੱਸਿਆ ਕਿ ਸੈਂਟਰ ਦੀ ਇਸ ਪਹਿਲ ਨਾਲ਼ ਹੋਰ ਵਧੇਰੇ ਵਿਦਿਆਰਥੀਆਂ ਨੂੰ ਲਾਭ ਪਹੁੰਚੇਗਾ ਕਿਉਂਕਿ ਜੋ ਵਿਦਿਆਰਥੀ ਕਿਸੇ ਕਾਰਨ ਜੁਲਾਈ ਸੈਸ਼ਨ ਵਿੱਚ ਦਾਖਲਾ ਲੈਣ ਤੋਂ ਖੁੰਝ ਜਾਂਦੇ ਹਨ ਉਨ੍ਹਾਂ ਲਈ ਇਹ ਇੱਕ ਸੁਨਹਿਰੀ ਮੌਕਾ ਹੈ।
ਸੈਂਟਰ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਅਤੇ ਸਹੂਲਤਾਂ ਆਦਿ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਹਿਤ ਰੱਖੇ ਗਏ ਇਸ ਪ੍ਰੋਗਰਾਮ ਨੂੰ ਰਜਿਸਟਰਾਰ ਡਾ. ਨਵਜੋਤ ਕੌਰ ਵੱਲੋਂ ਵੀ ਸੰਬੋਧਨ ਕੀਤਾ ਗਿਆ। ਉਨ੍ਹਾਂ ਆਪਣੇ ਸਵਾਗਤੀ ਭਾਸ਼ਣ ਦੌਰਾਨ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਅਤੇ ਜਿ਼ੰਮੇਵਾਰ ਨਾਗਰਿਕ ਪੈਦਾ ਕਰਨ ਵਿੱਚ ਸਿੱਖਿਆ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਸੈਂਟਰ ਦੇ ਡਾਇਰੈਕਟਰ ਪ੍ਰੋ. ਹਰਵਿੰਦਰ ਕੌਰ ਨੇ ਇਸ ਮੌਕੇ ਬੋਲਦਿਆਂ ਨਵੀਂ ਸਿੱਖਿਆ ਪ੍ਰਣਾਲੀ 2020 ਦੀਆਂ ਵੱਖ-ਵੱਖ ਵਿਵਸਥਾਵਾਂ ਅਤੇ ਓਪਨ ਅਤੇ ਡਿਸਟੈਂਸ ਲਰਨਿੰਗ ਦੇ ਸਮਕਾਲੀ ਮਾਡਲਾਂ ਵਿੱਚ ਲਰਨਿੰਗ ਮੈਨੇਜਮੈਂਟ ਸਿਸਟਮਜ਼ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਇਸ ਪ੍ਰੋਗਰਾਮ ਵਿੱਚ ਔਫਲਾਈਨ ਅਤੇ ਔਨਲਾਈਨ ਦੋਹਾਂ ਵਿਧੀਆਂ ਰਾਹੀਂ ਹੀ ਵਿਦਿਆਰਥੀਆਂ ਨੇ ਭਾਗ ਲਿਆ। ਇਸ ਪ੍ਰੋਗਰਾਮ ਦੇ ਦੂਜੇ ਸੈਸ਼ਨ ਵਿੱਚ ਸਮੂਹ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਕੈਂਪਸ ਅਤੇ ਸੈਂਟਰ ਫ਼ਾਰ ਡਿਸਟੈਂਸ ਐਂਡ ਔਨਲਾਈਨ ਐਜੂਕੇਸ਼ਨ ਦਾ ‘ਵਰਚੂਅਲ ਟੂਅਰ’ ਵੀ ਲਗਵਾਇਆ ਗਿਆ।