ਸੁਨਾਮ : ਕਿਸਾਨੀ ਮੰਗਾਂ ਲਈ ਸੰਘਰਸ਼ ਕਰ ਰਹੇ ਹਰਿਆਣਾ ਸਰਕਾਰ ਵੱਲੋਂ ਹਿਰਾਸਤ ਵਿੱਚ ਲਏ ਨੌਜਵਾਨ ਕਿਸਾਨਾਂ ਦੀ ਰਿਹਾਈ ਲਈ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਦਾ ਅਹਿਦ ਕੀਤਾ ਗਿਆ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਕੀਤੇ ਵਾਅਦੇ ਮੁਤਾਬਕ 27 ਅਪ੍ਰੈਲ ਤੱਕ ਕਿਸਾਨ ਆਗੂਆਂ ਨੂੰ ਜੇਲ੍ਹਾਂ ਤੋਂ ਰਿਹਾਅ ਨਾ ਕੀਤਾ ਤਾਂ ਕਿਸਾਨ ਭਾਰਤ ਦੇ ਹੋਰਨਾਂ ਥਾਵਾਂ ਤੇ ਰੇਲ ਟਰੈਕ ਰੋਕਣਗੇ। ਵੀਰਵਾਰ ਨੂੰ ਸੁਨਾਮ ਦੇ ਗੁਰਦੁਆਰਾ ਵਿਸ਼ਵਕਰਮਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਸੰਤ ਰਾਮ ਸਿੰਘ ਛਾਜਲੀ ਦੀ ਪ੍ਰਧਾਨਗੀ ਹੇਠ ਹੋਈ ਬਲਾਕ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਸੰਤ ਰਾਮ ਸਿੰਘ ਛਾਜਲੀ , ਜ਼ਿਲ੍ਹਾ ਆਗੂ ਹੈਪੀ ਨਮੋਲ ਨੇ ਕਿਹਾ ਹੈ ਕਿ ਕਿਸਾਨੀ ਮੰਗਾਂ ਦੀ ਪੂਰਤੀ ਨੂੰ ਲੈਕੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਚੱਲ ਰਹੇ ਧਰਨਿਆਂ ਨੂੰ ਹੋਰ ਪ੍ਰਚੰਡ ਕਰਨ ਲਈ ਪਿੰਡਾਂ ਵਿੱਚ ਲਾਮਬੰਦੀ ਕਰਕੇ ਕਿਸਾਨਾਂ ਤੇ ਔਰਤਾਂ ਦੇ ਜਥੇ ਭੇਜਣ ਲਈ ਪਿੰਡ ਇਕਾਈਆਂ ਨੂੰ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਮੰਗਾਂ ਨੂੰ ਲੈਕੇ ਸੰਘਰਸ਼ ਕਰ ਰਹੇ ਨੌਜਵਾਨ ਕਿਸਾਨਾਂ ਨੂੰ ਹਰਿਆਣਾ ਸਰਕਾਰ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਹੈ ਜਿੰਨ੍ਹਾਂ ਦੀ ਰਿਹਾਈ ਲਈ ਸ਼ੰਭੂ ਵਿਖੇ ਰੇਲ ਟਰੈਕ ਤੇ ਧਰਨਾ ਦਿੱਤਾ ਹੋਇਆ ਹੈ ਲੇਕਿਨ ਸਰਕਾਰਾਂ ਮੂਕ ਦਰਸ਼ਕ ਬਣੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕੀਤੇ ਵਾਅਦੇ ਮੁਤਾਬਕ 27 ਅਪ੍ਰੈਲ ਤੱਕ ਕਿਸਾਨ ਰਿਹਾਅ ਨਾ ਕੀਤੇ ਤਾਂ ਕਿਸਾਨ ਭਾਰਤ ਦੇ ਹੋਰਨਾਂ ਹਿੱਸਿਆਂ ਵਿੱਚ ਰੇਲ ਟਰੈਕਾਂ ਤੇ ਧਰਨੇ ਦੇਕੇ ਰੇਲਾਂ ਦੀ ਰਫ਼ਤਾਰ ਰੋਕਣਗੇ। ਕਿਸਾਨ ਆਗੂਆਂ ਨੇ ਮੰਡੀਆਂ ਵਿੱਚ ਕਣਕ ਦੀ ਖਰੀਦ ਸੁਚਾਰੂ ਨਾ ਹੋਣ ਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਖੋਖਲੇ ਸਾਬਤ ਹੋ ਰਹੇ ਹਨ। ਕਿਸਾਨ ਆਪਣੀ ਜਿਣਸ ਵੇਚਣ ਲਈ ਖੱਜਲ ਖੁਆਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਣਕ ਦੀ ਖਰੀਦ ਵਿੱਚ ਆ ਰਹੀਆਂ ਮੁਸ਼ਕਿਲਾਂ ਦਾ ਛੇਤੀ ਹੱਲ ਨਾ ਕੀਤਾ ਤਾਂ ਮੰਡੀਆਂ ਵਿੱਚ ਇੰਸਪੈਕਟਰਾਂ ਦਾ ਘਿਰਾਓ ਕਰਨ ਲਈ ਕਿਸਾਨ ਮਜ਼ਬੂਰ ਹੋਣਗੇ।ਇਸ ਮੌਕੇ ਅਮਰ ਸਿੰਘ ਲੌਂਗੋਵਾਲ, ਭੋਲਾ ਸਿੰਘ ਨਮੋਲ, ਗੁਰਚਰਨ ਸਿੰਘ ਬਿਗੜਵਾਲ, ਦਰਸ਼ਨ ਸਿੰਘ ਨੀਲੋਵਾਲ,ਨਿਰਭੈ ਸਿੰਘ ਸ਼ਾਹਪੁਰ, ਤਰਸੇਮ ਸਿੰਘ ਤੋਲਾਵਾਲ, ਬਿੱਕਰ ਸਿੰਘ ਚੀਮਾਂ, ਨਛੱਤਰ ਸਿੰਘ ਛਾਜਲੀ, ਪ੍ਰਿਤਪਾਲ ਸਿੰਘ,ਗੋਕਲ ਸ਼ਰਮਾ,ਰਾਮ ਸਿੰਘ ਨਮੋਲ, ਹਰਪਾਲ ਸਿੰਘ ਭੋਲਾ,ਬੂਟਾ ਸਿੰਘ ਝਾੜੋਂ,ਬੰਤ ਸਿੰਘ ਨੀਲੋਵਾਲ ਅਤੇ ਮੱਖਣ ਧਰਮਗੜ੍ਹ ਆਦਿ ਹਾਜ਼ਰ ਸਨ।