ਪਟਿਆਲਾ : ਸਕਾਲਰ ਫੀਲਡਜ਼ ਪਬਲਿਕ ਸਕੂਲ ਪਟਿਆਲਾ ਵਿਖੇ ਯੂ.ਪੀ.ਐੱਸ.ਸੀ ਦੀ ਪ੍ਰੀਖਿਆ ਵਿੱਚ 30ਵਾਂ ਆਲ ਇੰਡੀਆ ਰੈਂਕ ਪ੍ਰਾਪਤ ਕਰਨ ਵਾਲੀ ਆਈ.ਏ.ਐਸ ਅਧਿਕਾਰੀ ਡਾ. ਗੁਰਲੀਨ ਕੌਰ ਸਿੱਧੂ ਦੇ ਸਵਾਗਤ ਲਈ ਸਕੂਲ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸਕੂਲ ਦੀ ਹੋਣਹਾਰ ਵਿਦਿਆਰਥਣ ਡਾ. ਗੁਰਲੀਨ ਕੌਰ ਨੇ ਯੂ.ਪੀ.ਐਸ.ਸੀ ਵਿਚ 30ਵਾਂ ਰੈਂਕ ਲੈ ਕੇ ਆਪਣੇ ਮਾਪਿਆਂ ਅਤੇ ਰਿਸ਼ਤੇਦਾਰਾਂ ਦੇ ਨਾਲ ਸਕੂਲ ਦਾ ਨਾਂ ਵੀ ਰੌਸ਼ਨ ਕੀਤਾ। ਵਿਦਿਆਰਥੀਆਂ ਵੱਲੋਂ ਡਾ. ਗੁਰਲੀਨ ਕੌਰ ਸਿੱਧੂ ਦਾ ਸਵਾਗਤ ਕਰਨ ਲਈ ਫੁੱਲਾਂ ਦੀ ਵਰਖਾ ਕੀਤੀ ਗਈ। ਜਿਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੱਧ ਚੜ੍ਹ ਕੇ ਉਤਸ਼ਾਹ ਪ੍ਰਗਟ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਦੁਆਰਾ ਕੀਤੀ ਗਈ। ਸਕੂਲ ਦੇ ਡਾਇਰੈਕਟਰ ਡਾ.ਐਸ.ਐਸ.ਸੋਢੀ ਵੱਲੋਂ ਇੱਕ ਭਾਸ਼ਣ ਰਾਹੀ ਤਹਿ ਦਿਲੋਂ ਸੁਆਗਤ ਕੀਤਾ ਗਿਆ। ਇਸ ਜਾਣ-ਪਛਾਣ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਉਨ੍ਹਾਂ ਨੂੰ ਜੀ ਆਇਆਂ ਕਹਿਣ ਲਈ ਸੂਫ਼ੀ ਗੀਤ ਗਾਇਆ ਗਿਆ। ਸਕੂਲ ਦੇ ਜੂਨੀਅਰ ਵਿਦਿਆਰਥੀ ਸ਼ਿਵਰਾਮ ਦੇ ਭੰਗੜੇ ਨੇ ਇਸ ਪ੍ਰੋਗਰਾਮ ਵਿੱਚ ਚਾਰ ਚੰਨ ਲਾ ਦਿੱਤੇ। ਮੈਡਮ ਸਿੱਧੂ ਨੇ ਵੀ ਵਿਦਿਆਰਥੀਆਂ ਨਾਲ ਆਪਣੇ ਵਿਸ਼ੇਸ਼ ਯਤਨਾਂ ਅਤੇ ਮਿਹਨਤ ਦੁਆਰਾ ਪ੍ਰਾਪਤ ਕੀਤੀ ਇਸ ਕਾਮਯਾਬੀ ਬਾਰੇ ਵਿਚਾਰ ਸਾਂਝੇ ਕੀਤੇ। ਵਿਦਿਆਰਥੀਆਂ ਵੱਲੋਂ ਉਨ੍ਹਾਂ ਦੀ ਕਾਮਯਾਬੀ ਪ੍ਰਤੀ ਪ੍ਰਸ਼ਨ ਪੁੱਛੇ ਗਏ ਅਤੇ ਉਨ੍ਹਾਂ ਨੇ ਇਨ੍ਹਾਂ ਉੱਤਰਾਂ ਰਾਹੀਂ ਆਪਣੇ ਭਵਿੱਖ ਵਿੱਚ ਸੇਧ ਪ੍ਰਾਪਤ ਕਰਨ ਦੀ ਪ੍ਰੇਰਨਾ ਲਈ। ਸਕੂਲ ਦੀ ਮੈਨੇਜਮੈਂਟ ਵੱਲੋਂ ਮੁੱਖ ਮਹਿਮਾਨਾਂ ਦਾ ਤੋਹਫ਼ਿਆਂ ਨਾਲ ਧੰਨਵਾਦ ਪ੍ਰਗਟ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ। ਸਕੂਲ ਦੇ ਪ੍ਰਿੰਸੀਪਲ ਡਾ. ਪੂਨਮ ਅਰੋੜਾ ਨੇ ਡਾ.ਗੁਰਲੀਨ ਕੌਰ ਸਿੱਧੂ ਅਤੇ ਉਸ ਨਾਲ ਆਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਅੱਜ ਦਾ ਦਿਨ ਸਕੂਲ ਲਈ ਵਧੇਰੇ ਮਾਣ ਵਾਲਾ ਅਤੇ ਉਤਸ਼ਾਹ ਭਰਿਆ ਦਿਨ ਸੀ, ਜਿਸ ਵਿੱਚ ਡਾ. ਗੁਰਲੀਨ ਕੌਰ ਨੇ ਵਿਦਿਆਰਥੀਆਂ ਨਾਲ ਵੱਖ-ਵੱਖ ਖੇਤਰਾਂ ਵਿੱਚ ਉਨ੍ਹਾਂ ਦਾ ਵਿਸ਼ਾਲ ਤਜ਼ਰਬਾ ਅਤੇ ਗਿਆਨ ਸਾਂਝਾ ਕੀਤਾ। ਇਸ ਵਿਸ਼ੇਸ਼ ਪ੍ਰੋਗਰਾਮ ਦੇ ਆਯੋਜਨ ਨਾਲ ਡਾ. ਗੁਰਲੀਨ ਕੌਰ ਦੀ ਸਿੱਖਿਆ ਅਤੇ ਮਿਹਨਤ ਵਿਦਿਆਰਥੀਆਂ ਦੇ ਭਵਿੱਖ ਦੇ ਵਿਕਾਸ ਪ੍ਰਤੀ ਵਚਨਬੱਧਤਾ ਦਾ ਪ੍ਰਮਾਣ ਬਣੀ।