ਲਾਲੜੂ : ਐਮ ਐਲ ਏ ਕੁਲਜੀਤ ਸਿੰਘ ਰੰਧਾਵਾ ਵੱਲੋਂ ਪੰਜਾਬ ਸਿਖਿਆ ਕ੍ਰਾਂਤੀ ਤਹਿਤ ਅੱਜ ਡੇਰਾਬੱਸੀ ਹਲਕੇ ਦੇ 5 ਸਰਕਾਰੀ ਸਕੂਲਾਂ ’ਚ 1,26,14,700 ਰੁਪਏ ਦੇ ਵਿਕਾਸ ਕਾਰਜ ਅੱਜ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਗਏ।
ਉਨ੍ਹਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਬਸੌਲੀ ਵਿਖੇ 10 ਲੱਖ ਰੁਪਏ ਨਾਲ ਮੁਰੰਮਤ ਹੋਈ ਚਾਰਦੀਵਾਰੀ, ਸਰਕਾਰੀ ਪ੍ਰਾਇਮਰੀ ਸਕੂਲ ਤਸਿੰਬਲੀ ਵਿਖੇ 11.03 ਲੱਖ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਜਿਨ੍ਹਾਂ ’ਚ ਨਵੀਂ ਚਾਰਦੀਵਾਰੀ ਤੇ ਨਵਾਂ ਕਲਾਸਰੂਮ ਸ਼ਾਮਿਲ ਹਨ, ਸਰਕਾਰੀ ਹਾਈ ਸਕੂਲ ਤਸਿੰਬਲੀ ਵਿਖੇ 31, 12,900 ਰੁਪਏ ਦੀ ਲਾਗਤ ਨਾਲ ਹੋਈ ਚਾਰਦੀਵਾਰੀ ਦੀ ਮੁਰੰਮਤ ਅਤੇ ਸਾਂਭ-ਸੰਭਾਲ, ਨਵੇਂ ਬਣੇ ਕਲਾਸ ਰੂਮ, ਪਖਾਨੇ ਅਤੇ ਲੈਬਾਰਟਰੀ, ਸਰਕਾਰੀ ਪ੍ਰਾਇਮਰੀ ਸਕੂਲ ਹਮਾਂਯੂਪੁਰ ਵਿਖੇ 7.51 ਲੱਖ ਰੁਪਏ ਨਾਲ ਬਣੇ ਨਵੇਂ ਕਲਾਸਰੂਮ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡੇਸਰਾ ਵਿਖੇ 75,47,800 ਰੁਪਏ ਦੀ ਲਾਗਤ ਨਾਲ ਹੋਈ ਮੁਰੰਮਤ ਤੇ ਸਾਂਭ-ਸੰਭਾਲ, ਨਵੇਂ ਬਣੇ ਕਲਾਸ ਰੂਮਜ਼, ਨਵੀਂ ਲੈਬਾਰਟਰੀ ਅਤੇ ਪਖਾਨਿਆਂ ਦੀ ਮੁਰੰਮਤ ਦੇ ਹੋਏ ਕਾਰਜ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਗਏ।
ਉਨ੍ਹਾਂ ਇਸ ਮੌਕੇ ਆਖਿਆ ਕਿ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸਿਖਿਆ ਅਤੇ ਸਿਹਤ ਨੂੰ ਪਹਿਲ ਦਿੰਦੇ ਹੋਏ ਸਮੁੱਚੇ ਪੰਜਾਬ ’ਚ ਮਿਆਰੀ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਸਰਕਾਰ ਵੱਲੋਂ ਇਕੱਲੇ 118 ਸਕੂਲ ਆਫ਼ ਐਮੀਨੈਂਸ ਦੀ ਸਥਾਪਤੀ ਦਾ ਫੈਸਲਾ ਹੀ ਨਹੀਂ ਲਿਆ ਗਿਆ ਬਲਕਿ ਹੋਰਨਾਂ ਸਕੂਲਾਂ ਨੂੰ ਵੀ ਬੁਨਿਆਦੀ ਤੌਰ ’ਤੇ ਅਪਗ੍ਰੇਡ ਕਰਨ ਦਾ ਕੰਮ ਕੀਤਾ ਗਿਆ ਹੈ।
ਵਿਧਾਇਕ ਰੰਧਾਵਾ ਅਨੁਸਾਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ 12000 ਸਕੂਲਾਂ ਦਾ ਇਨ੍ਹਾਂ ਤਿੰਨ ਸਾਲਾਂ ’ਚ 2000 ਕਰੋੜ ਰੁਪਏ ਦੀ ਲਾਗਤ ਨਾਲ ਵਿਆਪਕ ਸੁਧਾਰ ਕੀਤਾ ਗਿਆ ਹੈ ਅਤੇ ਹੁਣ ਉਹ ਸਾਰੇ ਕੰਮ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਜਾ ਰਹੇ ਤਾਂ ਜੋ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪੰਜਾਬ ਸਰਕਾਰ ਦੀ ਸਿਖਿਆ ਸੁਧਾਰਾਂ ਪ੍ਰਤੀ ਸੰਜੀਦਗੀ ਬਾਰੇ ਪਤਾ ਲੱਗ ਸਕੇ।
ਉਨ੍ਹਾਂ ਨੇ ਸਰਕਾਰੀ ਹਾਈ ਸਕੂਲ ਤਸਿੰਬਲੀ ਦੀ ਦਿੱਖ ਤੋਂ ਪ੍ਰਭਾਵਿਤ ਹੁੰਦਿਆਂ, ਇਸ ਨੂੰ ਗੋਦ ਲੈਣ ਦਾ ਐਲਾਨ ਵੀ ਕੀਤਾ। ਉਨ੍ਹਾਂ ਨੇ ਇੱਕ ਹੋਰ ਵੱਡਾ ਐਲਾਨ ਕਰਦਿਆਂ, ਡੇਰਾਬੱਸੀ ਹਲਕੇ ਦੇ ਕਿਸੇ ਵੀ ਸਰਕਾਰੀ ਸਕੂਲ ਦੇ ਵਿਦਿਆਰਥੀ ਦੇ ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਐਲਾਨੇ ਜਾਣ ਵਾਲੇ ਨਤੀਜੇ ’ਚ ਅਵਲ ਰਹਿਣ ’ਤੇ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਇਨਾਮ ਵਜੋਂ ਦੇਣ ਦਾ ਐਲਾਨ ਵੀ ਕੀਤਾ ਗਿਆ।
ਇਸ ਮੌਕੇ ਇਨ੍ਹਾ ਸਕੂਲਾਂ ਦੇ ਮੁਖੀ, ਪੰਚ-ਸਰਪੰਚ, ਵਿਦਿਆਰਥੀਆਂ ਦੇ ਮਾਪੇ, ਅਧਿਆਪਕ ਅਤੇ ਸਿੱਖਿਆ ਕੋਆਰਡੀਨੇਟਰ ਗੁਰਪ੍ਰੀਤ ਵਿਰਕ ਤੇ ਊਨਾ ਦੀ ਟੀਮ ਨਾਲ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਵੀ ਮੌਜੂਦ ਸਨ।