ਪਟਿਆਲਾ : ਪਟਿਆਲਾ ਦੇ ਉਘੇ ਵਕੀਲ ਐਡਵੋਕੇਟ ਮਨਬੀਰ ਸਿੰਘ ਵਿਰਕ ਅਬਲੋਵਾਲ ਨੇ ਅੱਜ ਬੁੱਢਾ ਦਲ ਦੇ 14ਵੇਂ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਤੋਂ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਆਸੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਬਾਬਾ ਬਲਬੀਰ ਸਿੰਘ ਨੇ ਮਨਬੀਰ ਸਿੰਘ ਵਿਰਕ ਨੂੰ ਆਸ਼ੀਰਵਾਦ ਦਿੰਦਿਆਂ ਆਖਿਆ ਕਿ ਨੌਜਵਾਨਾਂ ਨੂੰ ਬਾਣੀ ਤੇ ਬਾਣੇ ਨਾਲ ਜੁੜਨਾ ਚਾਹੀਦਾ ਹੈ।
ਬਾਬਾ ਬਲਬੀਰ ਸਿੰਘ ਨੇ ਆਖਿਆ ਕਿ ਨੌਜਵਾਨ ਪੰਜਾਬ ਅਤੇ ਦੇਸ਼ ਦਾ ਭਵਿਖ ਹਨ। ਉਨ੍ਹਾਂ ਆਖਿਆ ਕਿ ਐਡਵੋਕੇਟ ਮਨਬੀਰ ਸਿੰਘ ਵਿਰਕ ਇੱਕ ਬਹੁਤ ਹੀ ਸਮਝਦਾਰ ਐਡਵੋਕੇਟ ਹੈ, ਜਿਸਨੂੰ ਕਾਨੂੰਨ ਦੀ ਵੱਡੀ ਮਹਾਰਤ ਹਾਸਲ ਹੈ। ਅਜਿਹੇ ਨੌਜਵਾਨ ਆਪਣੇ ਹੁਨਰ ਰਾਹੀ ਜਿੱਥੇ ਲੋਕਾਂ ਨੂੰ ਇਨਸਾਫ ਦਿਵਾਉਂਦੇ ਹਨ, ਉੱਥੇ ਸਮਾਜ ਵਿਚੋਂ ਬੁਰਾਈਆਂ ਦੇ ਖਾਤਮੇ ਵਿੱਚ ਵੀ ਅਹਿਮ ਰੋਲ ਅਦਾ ਕਰਦੇ ਹਨ।
ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਅੱਜ ਸਮੁਚੇ ਨੌਜਵਾਨਾਂ ਨੂੰ ਬਾਣੀ ਤੇ ਬਾਣੇ ਨਾਲ ਜੁੜਨ ਦੀ ਲੋੜ ਹੈ। ਅੱਜ ਦਾ ਨੌਜਵਾਨ ਨਸ਼ਿਆਂ ਵਰਗੀਆਂ ਬਿਮਾਰੀਆਂ ਵਿੱਚ ਗ੍ਰਿਫਤ ਹੁੰਦਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਪੰਜਾਬ ਦੀ ਜਵਾਨੀ ਵਿੱਚ ਵਿਦੇਸ਼ਾਂ ਨੂੰ ਜਾਣ ਦੀ ਦੌੜ ਲੱਗੀ ਹੋਈ ਹੈ ਤੇ ਅਜਿਹੇ ਸਮੇਂ ਵਿੱਚ ਐਡਵੋਕੇਟ ਮਨਬੀਰ ਸਿੰਘ ਵਿਰਕ ਵਰਗੇ ਨੌਜਵਾਨਾਂ ਨੇ ਵਿਦੇਸ਼ਾਂ ਦਾ ਰਾਹ ਤਿਆਗ ਕੇ ਆਪਣੇ ਪੰਜਾਬ ਵਿੱਚ ਆਪਣੀ ਕਿਰਤ ਕਾਰ ਕਰਕੇ ਇਹ ਦਿਖਾਇਆ ਹੈ ਕਿ ਪੰਜਾਬ ਵਿੱਚ ਜਿਹੜੇ ਨੌਜਵਾਨ ਮਿਹਨਤ ਕਰਦੇ ਹਨ, ਉਨ੍ਹਾਂ ਲਈ ਪੰਜਾਬ ਵਿੱਚ ਸਭ ਕੁੱਝ ਹੈ।
ਬਾਬਾ ਬਲਬੀਰ ਸਿੰਘ ਨੇ ਆਖਿਆ ਕਿ ਪੰਜਾਬ ਗੁਰੂ ਨਾਨਕ ਦੀ ਧਰਤੀ ਹੈ। ਇਸ ਲਈ ਸਮੁਚੇ ਨੌਜਵਾਨਾਂ ਨੂੰ ਆਪਣੀ ਮਿੱਟੀ ਨਾਲ ਜੁੜਕੇ ਇਸਦੀ ਸੇਵਾ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਐਡਵੋਕੇਟ ਮਨਬੀਰ ਸਿੰਘ ਵਿਰਕ ਨੂੰ ਆਸ਼ੀਰਵਾਦ ਦਿੰਦਿਆਂ ਆਪਣੇ ਕਿਤੇ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਆ। ਉਨ੍ਹਾਂ ਆਖਿਆ ਕਿ ਮਨਬੀਰ ਸਿੰਘ ਵਿਰਕ ਵਿੱਚ ਆਉਣ ਵਾਲੇ ਸਮੇਂ ਵਿੱਚ ਇੱਕ ਉੱਘਾ ਵਕੀਲ ਬਣਨ ਵਾਲੇ ਗੁਣ ਹਨ। ਇਸ ਲਈ ਮਨਬੀਰ ਸਿੰਘ ਵਿਰਕ ਨੂੰ ਹੋਰ ਮਿਹਨਤ ਕਰਕੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਮੌਕੇ ਐਡਵੋਕੇਟ ਮਨਬੀਰ ਸਿੰਘ ਵਿਰਕ ਨੇ ਬਾਬਾ ਬਲਬੀਰ ਸਿੰਘ ਤੋਂ ਆਸੀਰਵਾਦ ਲੈਂਦਿਆਂ ਆਖਿਆ ਕਿ ਬਾਬਾ ਜੀ ਨੇ ਹਮੇਸ਼ਾ ਹੀ ਉਨ੍ਹਾਂ ਨੂੰ ਆਸ਼ੀਰਵਾਦ ਤੇ ਹੱਲਾਸ਼ੇਰੀ ਦਿੱਤੀ ਹੈ। ਇਸ ਲਈ ਉਹ ਉਨ੍ਹਾਂ ਦਾ ਧੰਨਵਾਦ ਕਰਦੇ ਹਨ। ਇਸ ਮੌਕੇ ਐਡਵੋਕੇਟ ਮਨਬੀਰ ਸਿੰਘ ਵਿਰਕ ਨੇ ਬਾਬਾ ਬਲਬੀਰ ਸਿੰਘ ਨਾਲ ਬੁੱਢਾ ਦਲ ਨਾਲ ਜੁੜੇ ਮਸਲਿਆਂ 'ਤੇ ਕਾਨੂੰਨੀ ਵਿਚਾਰ ਵਟਾਂਦਰਾ ਵੀ ਕੀਤਾ।