ਲੋਕ ਹਿਤ ਤੇ ਵਿਦਿਆਰਥੀਆਂ ਦੀ ਭਲਾਈ ਵਾਸਤੇ ਲਏ ਸਨ ਕਈ ਚੰਗੇ ਫੈਸਲੇ
ਪਟਿਆਲਾ : ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇਸ਼ ਪ੍ਰਸਿੱਧ ਮੈਡੀਕਲ ਕਾਲਜਾਂ ਵਿਚ ਆਉਂਦਾ ਹੈ। ਇਥੋਂ ਮੈਡੀਕਲ ਦੀ ਪੜ੍ਹਾਈ ਕਰਕੇ ਅੱਜ ਦੇਸ਼-ਵਿਦੇਸ਼ ਵਿਚ ਨਾਮਨਾ ਖੱਟ ਰਹੇ ਹਨ। ਕਾਲਜ ਦੀ ਬਿਹਤਰੀ ਲਈ ਇਥੋਂ ਦੇ ਕਈ ਮਿਹਨਤੀ ਤੇ ਮਾਹਿਰ ਡਾਕਟਰ ਤੇ ਪ੍ਰੋਫੈਸਰ ਪੂਰੀ ਤਨਦੇਹੀ ਨਾਲ ਸੇਭਾ ਨਿਭਾ ਰਹੇ ਹਨ। ਇਨ੍ਹਾਂ ਵਿਚ ਹੀ ਇਕ ਨਾਮ ਹੈ ਯੂਰੋਲੋਜੀ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਡਾ. ਹਰਜਿੰਦਰ ਸਿੰਘ ਦਾ ਹੈ, ਜੋਕਿ ਪੂਰੀ ਤਰ੍ਹਾਂ ਆਪਣੀ ਸੇਵਾ ਤੇ ਡਿਊਟੀ ਨੂੰ ਸਮਰਪਿਤ ਹਨ, ਜੋਕਿ 30 ਅਪ੍ਰੈਲ ਨੂੰ ਸਰਕਾਰੀ ਸੇਵਾ ਤੋਂ ਮੁਕਤ ਹੋ ਰਹੇ ਹਨ। ਡਾ. ਹਰਜਿੰਦਰ ਸਿੰਘ ਯੂਰੋਲੋਜੀ ਦੇ ਖੇਤਰ ਦੇ ਮਾਹਿਰ ਡਾਕਟਰ ਹਨ, ਜਿਨ੍ਹਾਂ ਦਾ 3 ਦਹਾਕਿਆਂ ਤੋਂ ਵੱਧ ਦਾ ਅਨੁਭਵ ਹੈ। ਯੂਰੋਲੋਜੀ ਵਿਭਾਗ ਦੇ ਮੁਖੀ ਹੋਣ ਦੇ ਨਾਲ-ਨਾਲ ਡਾ. ਹਰਜਿੰਦਰ ਸਿੰਘ ਅਕਤੂਬਰ 2021 ਤੋਂ ਮਾਰਚ 2023 ਤੱਕ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ, ਫਰਵਰੀ 2019 ਤੋਂ ਅਕਤੂਬਰ 2020 ਤੱਕ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਅਤੇ ਜੂਨ 2017 ਤੋਂ ਸਤੰਬਰ 2019 ਤੱਕ ਵਾਇਸ ਪ੍ਰਿੰਸੀਪਲ ਸਮੇਤ ਵੱਖ-ਵੱਖ ਅਹੁਦਿਆਂ ’ਤੇ ਸੇਵਾ ਕੀਤੀ। ਡਾ. ਹਰਜਿੰਦਰ ਸਿੰਘ ਵਲੋਂ ਉਸ ਸਮੇਂ ਮੈਡੀਕਲ ਕਾਲਜ ਉਸ ਸਮੇਂ ਕਾਲਜ ਦੇ ਪ੍ਰਿੰਸੀਪਲ ਬਣੇ ਜਦੋਂ ਕੋਵਿਡ ਸਿਖਰਾਂ ’ਤੇ ਸੀ। ਕੋਵਿਡ ਦੌਰਾਨ ਉਨ੍ਹਾਂ ਆਪਣੀ ਸੂਝਬੂਝ ਅਤੇ ਚੰਗੇ ਆਗੂ ਹੋਣ ਦਾ ਬਾਖੂਬੀ ਸਬੂਤ ਦਿੱਤਾ। ਉਨ੍ਹਾਂ ਵਲੋਂ ਮਰੀਜ਼ਾਂ ਨੂੰ ਸਹੂਲਤਾਂ ਦੇਣ ਵਿਚ ਕੋਈ ਕਸਰ ਨਹੀਂ ਛੱਡੀ ਅਤੇ ਆਪਣੇ ਅਧੀਨ ਸਮੂਹ ਡਾਕਟਰਾਂ, ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹੌਂਸਲਾ ਅਫਜਾਈ ਵੀ ਕੀਤੀ। ਇਹੀ ਨਹੀਂ ਮੈਡੀਕਲ ਕਾਲਜ ਦੀ ਸੁਪਰਸਪੈਸ਼ਲਿਟੀ ਬਿਲਡਿੰਗ ਦਾ ਉਦਘਾਟਨ, ਨਵੀਂ ਇੰਸਟੀਚਿਊਟ ਬਿਲਡਿੰਗ ਦਾ ਉਦਘਾਟਨ ਕਰਵਾਇਆ, ਮੈਡੀਕਲ ਕਾਲਜ ਵਿਚ ਐਮ ਬੀ ਬੀ ਐਸ ਦੀਆਂ 225 ਤੋਂ 250 ਸੀਟਾਂ ਕਰਵਾਈਆਂ। ਆਕਸੀਜਨ ਪਲਾਂਟ ਦਾ ਉਦਘਾਟਨ, ਮੈਡੀਕਲ ਵਿਦਿਆਰਥੀਆਂ ਦੀ ਬਿਹਤਰੀ ਲਈ ਚੰਗੇ ਪ੍ਰਬੰਧਾਂ ਸਮੇਤ ਹੋਰ ਕਈ ਕੰਮ ਉਨ੍ਹਾਂ ਦੇ ਕਾਰਜ ਕਾਲ ਦੌਰਾਨ ਹੋਏ।
ਆਪਣੇ ਸ਼ਾਨਦਾਰ ਡਾਕਟਰੀ ਦੇ ਕੈਰੀਅਰ ਦੌਰਾਨ ਡਾ. ਹਰਜਿੰਦਰ ਸਿੰਘ ਨੇ ਬੇਮਿਸਾਲ ਲੀਡਰਸ਼ਿਪ ਅਤੇ ਸਰਜੀਕਲ ਹੁਨਰ ਦਾ ਪ੍ਰਦਰਸ਼ਨ ਕੀਤਾ ਹੈ, ਜਿਸ ਨਾਲ ਉਨ੍ਹਾਂ ਨੂੰ ਐਂਡਰੋਲੋਜੀ, ਯੂਰੋਆਨੋਕੋਲਜੀ, ਪੁਨਰ ਨਿਰਮਾਣ ਯੂਰੋਲੋਜੀ ਅਤੇ ਐਂਡੋਯੂਰੋਲੋਜੀ ਵਿਚ ਇਕ ਤਜਰਬੇਕਾਰ ਮਾਹਿਰ ਵਜੋਂ ਮਾਨਤਾ ਮਿਲੀ। ਆਪਣੀ ਕਲੀਨਿਕ ਮੁਹਾਰਤ ਤੋਂ ਇਲਾਵਾ ਉਨ੍ਹਾਂ ਵਲੋਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਪ੍ਰੋਫੈਸਰ ਅਤੇ ਯੂਰੋਲੋਜੀ ਦੇ ਮੁਖੀ, ਵਾਈਸ ਪ੍ਰਿੰਸੀਪਲ, ਪ੍ਰਿੰਸੀਪਲ ਅਤੇ ਡਾਇਰੈਕਟਰ ਪ੍ਰਿੰਸੀਪਲ ਵਰਗੀਆਂ ਪ੍ਰਮੁੱਖ ਭੂਮਿਕਾਵਾਂ ਨਿਭਾਉਂਦੇ ਹੋਏ ਇਕ ਨਿਪੁੰਨ ਪ੍ਰਸ਼ਾਸਕ ਵਜੋਂ ਆਪਣੇ ਆਪ ਨੂੰ ਸਾਬਤ ਕੀਤਾ ਹੈ।
ਡਾ. ਸਿੰਘ ਨੇ ਪ੍ਰਸ਼ਾਸਕੀ ਸੂਝਬੂਝ ਅਤੇ ਸਰਜੀਕਲ ਹੁਨਰ ਰਾਹੀਂ ਇਕ ਮਿਸਾਲ ਪੇਸ਼ ਕੀਤੀ। ਮਰੀਜ਼ਾਂ ਦੀ ਚੰਗੀ ਤਰ੍ਹਾਂ ਦੇਖਭਾਲ ਅਤੇ ਪ੍ਰਤੀ ਹਾਂ-ਪੱਖੀ ਨਜ਼ਰੀਆ ਉਨ੍ਹਾਂ ਦੀ ਮਾਹਿਰਤਾ ਨੂੰ ਪੇਸ਼ ਕਰਦੀ ਹੈ। ਯੂਰੋਲੋਜੀ ਦੇ ਖੇਤਰ ਨੂੰ ਅੱਗੇ ਵਧਾਉਣ ਦਾ ਉਨ੍ਹਾਂ ਵਿਚ ਬੇਹੱਦ ਜਨੂੰਨ ਸੀ। ਸਿਹਤ ਸੰਭਾਲ ਦੀ ਬਿਹਤਰੀ ਲਈ ਉਨ੍ਹਾਂ ਵਿਚ ਅਟੁੱਟ ਸਮਰਪਣ ਹੈ, ਜੋਕਿ ਉਨ੍ਹਾਂ ਦੀ ਡਾਕਟਰੀ ਪੇਸ਼ੇ ਵਿਚ ਸ਼ਾਨਦਾਰ ਸੇਵਾ ਤੋਂ ਸਪਸ਼ਟ ਦਿਖਾਈ ਦਿੰਦਾ ਹੈ। ਡਾ. ਹਰਜਿੰਦਰ ਸਿੰਘ ਨੇ ਨਾ ਸਗੋਂ ਮੈਡੀਕਲ ਕਮਿਊਨਿਟੀ ਵਿਚ ਆਪਣੀ ਮੁਹਾਰਤ ਦਾ ਮਹਾਨ ਯੋਗਦਾਨ ਪਾਇਆ ਹੈ, ਬਲਕਿ ਉਹ ਕਈਆਂ ਲਈ ਪ੍ਰੇਰਨਾ ਦਾ ਸਰੋਤ ਬਣ ਗਏ ਹਨ। ਯੂਰੋਲੋਜੀ ਅਭਿਆਸ ਵਿਚ ਉਨ੍ਹਾਂ ਦੀ ਮਾਹਿਰਤਾ ਉਨ੍ਹਾਂ ਦੀ ਸਫਲਤਾ ਦਾ ਆਧਾਰ ਬਣੀ। ਡਾਕਟਰੀ ਪੇਸ਼ੇ ਵਿਚ ਸ਼ਾਨਦਾਰ ਸੇਵਾ ਨਿਭਾਉਣ ਤੋਂ ਬਾਅਦ 30 ਅਪ੍ਰੈਲ ਨੂੰ ਸੇਵਾ ਮੁਕਤ ਹੋ ਰਹੇ ਹਨ। ਉਨ੍ਹਾਂ ਦੀ ਸੇਵਾ ਮੁਕਤੀ ਤੋਂ ਬਾਅਦ ਭਾਵੇਂ ਰਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ ਯੂਰੋਲੋਜੀ ਮਾਹਿਰ ਤੋਂ ਸੱਖਣਾ ਹੋ ਜਾਵੇਗਾ, ਪਰ ਉਹ ਸ਼ਾਨਦਾਰ ਪ੍ਰਾਪਤੀਆਂ ਤੇ ਚੰਗੇ ਗੁਣਾਂ ਕਾਰਨ ਹਮੇਸ਼ਾਂ ਫਕੈਲਟੀਜ਼, ਕਰਮਚਾਰੀਆਂ ਤੇ ਵਿਦਿਆਰਥੀਆਂ ਦੇ ਦਿਲਾਂ ਵਿਚ ਚੇਤੇ ਰਹਿਣਗੇ।