ਫ਼ਤਹਿਗੜ੍ਹ ਸਾਹਿਬ : ਭਾਸ਼ਾ ਵਿਭਾਗ ਵੱਲੋਂ ਪੰਜਾਬੀ ਚੇਤਨਾ ਸਾਹਿਤ ਸਭਾ ਸਰਹਿੰਦ ਦੇ ਸਹਿਯੋਗ ਨਾਲ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾਂ ਵਿਖੇ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਪੰਜਾਬੀ ਦੇ ਉੱਘੇ ਸ਼੍ਰੋਮਣੀ ਬਾਲ ਸਾਹਿਤਕਾਰ ਕਮਲਜੀਤ ਨੀਲੋਂ ਅਤੇ ਪੁਆਧੀ ਉਪ-ਬੋਲੀ ਦੇ ਸਾਹਿਤਕਾਰ ਚਰਨ ਪੁਆਧੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਾਹਿਤਕ ਸਮਾਗਮ ਵਿੱਚ ਸਤੀਸ਼ ਵਿਦਰੋਹੀ, ਪਵਨ ਹਰਚੰਦਪੁਰੀ ਤੇ ਹੋਰ ਬਹੁਤ ਸਾਰੇ ਨਾਮਵਰ ਸਾਹਿਕਾਰਾਂ ਨੇ ਸ਼ਮੂਲੀਅਤ ਕੀਤੀ। ਸਾਹਿਤਕ ਪ੍ਰੋਗਰਾਮ ਦੀ ਸ਼ੁਰੂਆਤ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾਂ ਦੇ ਹੋਣਹਾਰ ਬੱਚਿਆਂ ਵੱਲੋਂ ਆਪਣੀਆਂ ਮੌਲਿਕ ਰਚਨਾਵਾਂ ਪੜ੍ਹ ਕੇ ਕੀਤੀ ਗਈ। ਇਸ ਉਪਰੰਤ ਉੱਘੇ ਲੋਕ ਗਾਇਕ ਮਹਿੰਦਰ ਸਿੰਘ ਮਿੰਦੀ ਵੱਲੋਂ ਸਾਹਿਤ ਸਭਾ ਦੇ ਸਰਪ੍ਰਸਤ ਅਜੇਪਾਲ ਸਿੰਘ ਬਾਠ ਦੇ ਲਿਖੇ ਧਾਰਮਿਕ ਗੀਤ ਦੀ ਪੇਸ਼ਕਾਰੀ ਕਰਕੇ ਪ੍ਰੋਗਰਾਮ ਦੀ ਸ਼ੋਭਾ ਵਧਾਈ। ਇਸ ਸਾਹਿਤਕ ਪ੍ਰੋਗਰਾਮ ਦੇ ਦੌਰਾਨ ਬਹੁਤ ਸਾਰੇ ਸਥਾਨਕ ਕਵੀਆਂ ਜਿਨ੍ਹਾਂ ਵਿੱਚ ਉਪਕਾਰ ਸਿੰਘ ਦਿਆਲਪੁਰੀ, ਹਰੀ ਸਿੰਘ ਚਮਕ, ਰਾਜ ਸਿੰਘ ਬਧੌਛੀ, ਸੁਰਿੰਦਰ ਕੌਰ ਬਾੜਾ, ਰਾਜਵਿੰਦਰ ਸਿੰਘ ਚੌਹਾਨ ਤੇ ਹੋਰ ਕਈ ਕਵੀਆਂ ਨੇ ਰਚਨਾਵਾਂ ਨੂੰ ਪੇਸ਼ ਕਰਕੇ ਇਸ ਸਾਹਿਤਕ ਪ੍ਰੋਗਰਾਮ ਦਾ ਰੰਗ ਬੰਨ੍ਹਿਆ।
ਸਮਾਗਮ ਦੌਰਾਨ ਸ਼੍ਰੋਮਣੀ ਬਾਲ ਸਾਹਿਤਕਾਰ ਕਮਲਜੀਤ ਨੀਲੋਂ ਨੇ ਧੀਆਂ ਨਾਲ ਕੀਤੇ ਜਾਂਦੇ ਸਮਾਜਕ ਵਿਤਕਰੇ ਤੇ ਕਰਾਰੀ ਚੋਟ ਕਰਦੀ ਸੰਵੇਦਨਸ਼ੀਲ ਰਚਨਾ ਦੀ ਪੇਸ਼ਕਾਰੀ ਕੀਤੀ। ਉਸਤੋਂ ਉਪਰੰਤ ਚਰਨ ਪੁਆਧੀ ਤੇ ਸਤੀਸ਼ ਵਿਦਰੋਹੀ ਨੇ ਆਪਣੀ ਪੁਆਧੀ ਉਪ-ਬੋਲੀ ਰਾਹੀਂ ਰੰਗ ਵਖੇਰਦੀਆਂ ਰਚਨਾਵਾਂ ਪੇਸ਼ ਕੀਤੀਆਂ। ਸਮਾਗਮ ਦੀ ਪ੍ਰਧਾਨਗੀ ਪੰਜਾਬੀ ਚੇਤਨਾ ਸਾਹਿਤ ਸਭਾ ਦੇ ਪ੍ਰਧਾਨ ਸਾਬਕਾ ਡਿਪਟੀ ਡਾਇਰੈਕਟਰ(ਪ੍ਰਸਾਰ ਭਾਰਤੀ) ਹਾਕਮ ਸਿੰਘ ਤੇ ਸ਼੍ਰੋਮਣੀ ਸਾਹਿਤਕਾਰ ਡਾ. ਅੱਛਰੂ ਸਿੰਘ ਨੇ ਕੀਤੀ। ਸਭਾ ਦੇ ਪ੍ਰਧਾਨ ਹਾਕਮ ਸਿੰਘ ਵੱਲੋਂ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਗਿਆ। ਆਖਿਰ ਵਿੱਚ ਸਭਾ ਦੇ ਸਰਪ੍ਰਸਤ ਤੇ ਮੁਖ ਮਹਿਮਾਨ ਉੱਘੇ ਕਾਰੋਬਾਰੀ ਅਤੇ ਕਵੀ ਅਜੇਪਾਲ ਸਿੰਘ ਬਾਠ ਨੇ ਸਮਾਜਕ ਕਦਰਾਂ ਕੀਮਤਾਂ ਨੂੰ ਸਮਰਪਿਤ ਬਾਪੂ ਬਾਰੇ ਇੱਕ ਰਚਨਾ ਪੇਸ਼ ਕਰਕੇ ਮਾਹੌਲ ਨੂੰ ਸੰਵੇਦਨਸ਼ੀਲ ਬਣਾ ਦਿੱਤਾ। ਚੇਤਨਾ ਸਾਹਿਤ ਸਭਾ ਵੱਲੋਂ ਮਾਂ ਬੋਲੀ ਨੂੰ ਪ੍ਰਫੁਲਿੱਤ ਕਰਨ ਹਿੱਤ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸਲਾਘਾਂ ਕੀਤੀ ਅਤੇ ਪੰਜਾਬੀ ਮਾਂ ਬੋਲੀ ਦੇ ਵਿਕਾਸ ਲਈ ਕੀਤੇ ਜਾਣ ਵਾਲੇ ਭਵਿੱਖੀ ਕਾਰਜਾਂ ਵਿੱਚ ਹਰ ਤਰ੍ਹਾਂ ਦੇ ਸਹਿਯੋਗ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਵੱਲੋਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ 21 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਵੀ ਦਿੱਤੀ ਗਈ।
ਸਾਹਿਤ ਸਮਾਗਮ ਦੇ ਅੰਤ ਵਿੱਚ ਸਭਾ ਦੇ ਪ੍ਰਧਾਨ, ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਗੁਰਮੀਤ ਸਿੰਘ ਸਾਬਕਾ ਮੁਖੀ ਪੰਜਾਬੀ ਵਿਭਾਗ ਏ.ਐਸ. ਕਾਲਜ ਖੰਨਾਂ ਵੱਲੋਂ ਬਾਖੂਬੀ ਨਿਭਾਈ ਗਈ। ਸਾਰੇ ਪ੍ਰੋਗਰਾਮ ਦੇ ਸੂਤਰਧਾਰ ਵਜੋਂ ਡਾ. ਕੁਲਦੀਪ ਸਿੰਘ ਦੀਪ ਨੇ ਅਹਿਮ ਭੂਮਿਕਾ ਨਿਭਾਈ। ਜ਼ਿਲ੍ਹਾ ਭਾਸ਼ਾ ਅਫ਼ਸਰ ਜਗਜੀਤ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਵਿੱਚ ਸੁਰਿੰਦਰ ਕੌਰ ਬਾੜਾ, ਹਰੀ ਸਿੰਘ ਚਮਕ, ਸੰਤ ਸਿੰਘ ਸੋਹਲ, ਐਡਵੋਕੇਟ ਜਸਵਿੰਦਰ ਸਿੰਘ ਸਿੱਧੂ, ਸੰਸਥਾ ਦੇ ਵਿੱਦਿਆਰਥੀਆਂ ਅਤੇ ਅਧਿਆਪਕਾਂ ਨੇ ਆਪਣੀ ਹਾਜ਼ਰੀ ਲਵਾਈ।