ਪਟਿਆਲਾ : ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਬੀ.ਐਨ.ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਸਮੂਹ ਸਟਾਫ ਨੂੰ ਧਾਰਮਕ ਪੁਸਤਕਾਂ ਭੇਂਟ ਕਰਕੇ ਆਪਣੇ ਵਿਦਿਆਰਥੀ ਜੀਵਨ ਦੇ ਸਮੇਂ ਦੀਆਂ ਸਮੂਹ ਸਟਾਫ ਨਾਲ ਯਾਦਾਂ ਨੂੰ ਤਾਜ਼ਾ ਕੀਤਾ। ਸਾਬਕਾ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਬੀਐਨ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਵਿਦਿਆਰਥੀ ਜੀਵਨ ਬੇਹੱਦ ਸ਼ਾਨਦਾਰ ਰਿਹਾ, ਜਿਥੇ ਉਨ੍ਹਾਂ ਛੇਵੀਂ ਤੋਂ ਅੱਠਵੀਂ ਤੱਕ ਦੀ ਪੜ੍ਹਾਈ ਮੁਕੰਮਲ ਕੀਤੀ। ਪ੍ਰੋ. ਬਡੂੰਗਰ ਨੇ ਦੱਸਿਆ ਕਿ ਉਨ੍ਹਾਂ ਸਮਿਆਂ ਵਿਚ ਇਸ ਸਕੂਲ ਨੂੰ ਬਾਬਾ ਨਰੈਣ ਸਿੰਘ ਸਕੂਲ ਕਰਕੇ ਜਾਣਿਆ ਜਾਂਦਾ ਸੀ ਅਤੇ ਪੈਪਸੂ ਦੀ ਸਰਕਾਰ ਦੇ ਸਮੇਂ ਅਜਿਹੇ ਸਕੂਲਾਂ ਵਿਚ ਪੜ੍ਹੇ ਵਿਦਿਆਰਥੀਆਂ ਨੇ ਆਪਣੇ ਭਵਿੱਖ ਨੂੰ ਰੁਸ਼ਨਾਇਆ ਅਤੇ ਸਕੂਲ ਦਾ ਨਾਮ ਉਚਾ ਕੀਤਾ। ਉਨ੍ਹਾਂ ਯਾਦਾਂ ਨੂੰ ਤਾਜ਼ਾ ਕਰਦਿਆਂ ਕਿਹਾ ਕਿ ਇਕ ਸਮਾਂ ਸੀ, ਜਦ ਬੀਐਨ ਖਾਲਸਾ ਸਕੂਲ ਦੇ ਪੜ੍ਹੇ ਵਿਦਿਆਰਥੀਆਂ ਨੇ ਓਲੰਪਿਕ ਖੇਡਾਂ ਤੱਕ ਆਪਣੀ ਖੇਡ ਦਾ ਪ੍ਰਦਰਸ਼ਨ ਕਰਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਦੇ ਸਕੂਲ ਪੁੱਜਣ ’ਤੇ ਪਿ੍ਰੰਸੀਪਲ ਗੁਰਦੀਸ਼ ਸਿੰਘ ਅਤੇ ਸਮੂਹ ਸਟਾਫ ਮੈਂਬਰਾਂ ਨੇ ਉਨ੍ਹਾਂ ਨੂੰ ਜੀ ਆਇਆ ਆਖਿਆ ਅਤੇ ਸਵਾਗਤ ਕੀਤਾ। ਪ੍ਰੋ. ਬਡੂੰਗਰ ਨੇ ਕਿਹਾ ਕਿ ਬੀਐਨ ਖਾਲਸਾ ਸਕੂਲ ਅਤੇ ਢੁਡਿਆਲ ਖਾਲਸਾ ਸੀਨੀ. ਸੈਕੰਡਰੀ ਵਰਗੇ ਸਕੂਲਾਂ ਦੇ ਤਰਜ਼ ’ਤੇ ਬਹੁਤ ਸਾਰੇ ਸਕੂਲ ਵੱਖ ਵੱਖ ਜਾਤ ਵਰਗ ਨਾਲ ਸਬੰਧਤ ਖੁੱਲ੍ਹਣ ਲੱਗੇ, ਪ੍ਰੰਤੂ ਖਾਲਸਾਈ ਸਕੂਲਾਂ ਦੀ ਵਿਲੱਖਣ ਪਹਿਚਾਣ ਨੇ ਵਿਦਿਆਰਥੀਆਂ ਨੂੰ ਧਾਰਮਕ, ਸਿੱਖ ਅਤੇ ਧਰਮ ਵਿਚ ਦਿ੍ਰੜਤਾ ਰੱਖਣ ਵਾਲਾ ਬਣਾਇਆ ਅਤੇ ਬੀ ਐਨ ਖਾਲਸਾ ਸੀਨੀ. ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਉਚ ਮੁਕਾਮ ਹਾਸਲ ਕੀਤਾ। ਪ੍ਰੋ. ਬਡੂੰਗਰ ਨੇ ਜਿਥੇ ਸਕੂਲ ਸਟਾਫ ਨਾਲ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ, ਉਥੇ ਵਿਦਿਆਰਥੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਚੰਗੀ ਤਾਲੀਮ ਲੈਣ ਲਈ ਪ੍ਰੇਰਿਆ ਇਸ ਦੌਰਾਨ ਵਿਦਿਆਰਥੀਆਂ ਨੂੰ ਧਾਰਮਕ ਪੁਸਤਕਾਂ ਵੀ ਭੇਂਟ ਕੀਤੀਆਂ ਗਈਆਂ।