Friday, November 22, 2024

Malwa

ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀ ਫਾਰਮਾ ਫੈਕਟਰੀ ਦੇ ਨੈਟਵਰਕ ਦਾ ਕੀਤਾ ਪਰਦਾਫਾਸ਼

May 11, 2024 06:25 PM
SehajTimes
ਪੰਜ ਸੂਬਿਆਂ ਵਿੱਚ ਤਿੰਨ-ਮਹੀਨੇ ਚੱਲੀ ਕਾਰਵਾਈ 
 
ਅੰਮ੍ਰਿਤਸਰ : ਫਾਰਮਾ ਓਪੀਓਡਜ਼ ਵਿਰੁੱਧ ਵੱਡੀ ਖੁਫੀਆ ਕਾਰਵਾਈ ਕਰਦਿਆਂ, ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਹਿਮਾਚਲ ਪ੍ਰਦੇਸ਼ ਦੇ ਬੱਦੀ ਸਥਿਤ ਫਾਰਮਾ ਫੈਕਟਰੀ ਤੋਂ ਚੱਲ ਰਹੇ ਸਾਈਕੋਟ੍ਰੋਪਿਕ ਪਦਾਰਥਾਂ ਦੇ ਨਿਰਮਾਣ ਅਤੇ ਸਪਲਾਈ ਯੂਨਿਟਾਂ ਦੇ ਅੰਤਰਰਾਜੀ ਗੈਰ-ਕਾਨੂੰਨੀ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦਿੱਤੀ। ਇਹ ਕਾਰਵਾਈ ਸਪੈਸ਼ਲ ਟਾਸਕ ਫੋਰਸ, ਬਾਰਡਰ ਰੇਂਜ, ਅੰਮ੍ਰਿਤਸਰ ਵੱਲੋਂ ਗ੍ਰਿਫ਼ਤਾਰ ਕੀਤੇ ਤਰਨਤਾਰਨ ਦੇ ਪਿੰਡ ਕੋਟ ਮੁਹੰਮਦ ਖਾਂ ਦੇ ਸੁਖਵਿੰਦਰ ਸਿੰਘ ਉਰਫ ਧਾਮੀ ਅਤੇ ਅੰਮ੍ਰਿਤਸਰ ਦੇ ਗੋਵਿੰਦ ਨਗਰ ਦੇ ਜਸਪ੍ਰੀਤ ਸਿੰਘ ਉਰਫ ਜੱਸ ਨਾਮੀ ਦੋ ਨਸ਼ਾ ਤਸਕਰਾਂ ਦੇ ਅਗਲੇ-ਪਿਛਲੇ ਸਬੰਧਾਂ ਦੀ ਤਿੰਨ ਮਹੀਨਿਆਂ ਤੱਕ ਕੀਤੀ ਬਾਰੀਕੀ ਨਾਲ ਜਾਂਚ ਉਪਰੰਤ ਕੀਤੀ ਗਈ ਹੈ। ਦੱਸਣਯੋਗ ਹੈ ਕਿ ਇਹਨਾਂ ਤਸਕਰਾਂ ਨੂੰ ਇਸ ਸਾਲ ਫਰਵਰੀ ਮਹੀਨੇ ਬਿਆਸ ਤੋਂ 4.24 ਲੱਖ ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 1 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਪੰਜ ਸੂਬਿਆਂ ਵਿੱਚ ਚਲਾਏ ਇਸ ਪੂਰੇ ਆਪ੍ਰੇਸ਼ਨ ਦੌਰਾਨ, ਪੁਲਿਸ ਵੱਲੋਂ ਕੁੱਲ 7 ਨਸ਼ਾ ਤਸਕਰਾਂ/ਸਪਲਾਈਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 70.42 ਲੱਖ ਨਸ਼ੀਲੀਆਂ ਗੋਲੀਆਂ/ਕੈਪਸੂਲ, 2.37 ਲੱਖ ਰੁਪਏ ਦੀ ਡਰੱਗ ਮਨੀ ਅਤੇ 725.5 ਕਿਲੋ ਨਸ਼ੀਲਾ ਟਰਾਮਾਡੋਲ ਪਾਊਡਰ ਦੀ ਪ੍ਰਭਾਵੀ ਬਰਾਮਦਗੀ ਹੋਈ ਹੈ। ਇਹਨਾਂ ਪੰਜ ਸੂਬਿਆਂ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਸ਼ਾਮਲ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਨ੍ਹਾਂ ਦੋ ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਐਸਪੀ ਐਸਟੀਐਫ ਵਿਸ਼ਾਲਜੀਤ ਸਿੰਘ ਅਤੇ ਡੀਐਸਪੀ ਐਸਟੀਐਫ ਵਵਿੰਦਰ ਕੁਮਾਰ ਦੀ ਅਗਵਾਈ ਹੇਠ ਪੁਲੀਸ ਟੀਮਾਂ ਨੇ ਇਸ ਰੈਕੇਟ ਦੇ ਮੁੱਖ ਸਰਗਨਾ ਐਲੇਕਸ ਪਾਲੀਵਾਲ ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਟਰੇਸ ਕਰਕੇ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਅਤੇ ਉਸ ਦੇ ਕਬਜ਼ੇ 'ਚੋਂ 9.04 ਲੱਖ ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 1.37 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ।
 
ਉਨ੍ਹਾਂ ਦੱਸਿਆ ਕਿ ਦੋਸ਼ੀ ਐਲੇਕਸ ਪਾਲੀਵਾਲ ਦੇ ਖੁਲਾਸੇ ਉਪਰੰਤ, ਹਿਮਾਚਲ ਪ੍ਰਦੇਸ਼ ਵਿੱਚ ਕਾਰਵਾਈ ਕਰਦਿਆਂ ਡਰੱਗ ਕੰਟਰੋਲ ਅਫਸਰ ਸੁਖਦੀਪ ਸਿੰਘ ਅਤੇ ਰਮਨੀਕ ਸਿੰਘ ਦੀ ਮੌਜੂਦਗੀ ਵਿੱਚ ਪੁਲਿਸ ਟੀਮਾਂ ਨੇ ਬਾਇਓਜੈਨੇਟਿਕ ਡਰੱਗ ਪ੍ਰਾਈਵੇਟ ਲਿਮਟਿਡ ਦੀ ਜਾਂਚ ਕੀਤੀ ਅਤੇ ਰਿਕਾਰਡ ਜ਼ਬਤ ਕੀਤੇ। ਇਹਨਾਂ ਰਿਕਾਰਡਾਂ ਤੋਂ ਪਤਾ ਲੱਗਾ ਕਿ ਕੰਪਨੀ ਨੇ ਸਿਰਫ਼ ਅੱਠ ਮਹੀਨਿਆਂ ਵਿੱਚ 20 ਕਰੋੜ ਤੋਂ ਵੱਧ ਅਲਪਰਾਜ਼ੋਲਮ ਗੋਲੀਆਂ ਦਾ ਨਿਰਮਾਣ ਕੀਤਾ। ਰਿਕਾਰਡਾਂ ਤੋਂ ਮਹਾਰਾਸ਼ਟਰ ਦੀ ਮੈਸਰਜ਼ ਐਸਟਰ ਫਾਰਮਾ ਨੂੰ ਕੀਤੀ ਜਾਂਦੀ ਸਪਲਾਈ ਦਾ ਵੀ ਪਤਾ ਲੱਗਾ। ਇਸ ਸਬੰਧੀ ਹੋਰ ਜਾਂਚ ਨਾਲ ਬੱਦੀ ਸਥਿਤ ਬਾਇਓਜੈਨੇਟਿਕ ਡਰੱਗ ਪ੍ਰਾਈਵੇਟ ਲਿਮਟਿਡ ਦੀ ਦੂਜੀ ਫਾਰਮਾ ਨਿਰਮਾਣ ਕੰਪਨੀ ਸਮਾਈਲੈਕਸ ਫਾਰਮਾ ਕੈਮ ਡਰੱਗ ਇੰਡਸਟਰੀਜ਼ ਦਾ ਪਰਦਾਫਾਸ਼ ਹੋਇਆ। ਡੀਜੀਪੀ ਨੇ ਕਿਹਾ ਕਿ ਸਮਾਈਲੈਕਸ ਫਾਰਮਾ ਕੈਮ ਡਰੱਗ ਇੰਡਸਟਰੀਜ਼ ਵਿਰੁੱਧ ਕੀਤੀ ਗਈ ਕਾਰਵਾਈ ਦੌਰਾਨ 47.32 ਨਸ਼ੀਲੇ ਕੈਪਸੂਲ ਅਤੇ 725.5 ਕਿਲੋ ਨਸ਼ੀਲੇ ਟਰਾਮਾਡੋਲ ਪਾਊਡਰ ਜੋ ਕਿ 1.5 ਕਰੋੜ ਕੈਪਸੂਲ ਬਣਾਉਣ ਲਈ ਕਾਫੀ ਸੀ, ਬਰਾਮਦ ਹੋਇਆ। ਰਿਕਾਰਡ ਤੋਂ ਪਤਾ ਲੱਗਾ ਹੈ ਕਿ ਸਮਾਈਲੈਕਸ ਫਾਰਮਾ ਕੈਮ ਡਰੱਗ ਇੰਡਸਟਰੀਜ਼ ਨੇ ਇਕ ਸਾਲ ਦੇ ਅੰਦਰ 6500 ਕਿਲੋਗ੍ਰਾਮ ਨਸ਼ੀਲਾ ਟਰਾਮਾਡੋਲ ਪਾਊਡਰ ਖਰੀਦਿਆ ਸੀ। ਉਨ੍ਹਾਂ ਕਿਹਾ ਕਿ ਇਸੇ ਦੌਰਾਨ ਹੀ ਨਸ਼ੀਲੇ ਪਦਾਰਥਾਂ ਦੀ ਟਰਾਂਸਪੋਰਟੇਸ਼ਨ ਅਤੇ ਵੰਡ ਸਬੰਧੀ ਜਾਂਚ ਕਰਦਿਆਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਅੰਤਰਰਾਜੀ ਨੈਟਵਰਕ ਦੀ ਜਾਂਚ ਕਰਦਿਆਂ 4 ਹੋਰ ਸਪਲਾਇਰ ਜਿਹਨਾਂ ਦੀ ਪਛਾਣ ਇੰਤਜ਼ਾਰ ਸਲਮਾਨੀ, ਪ੍ਰਿੰਸ ਸਲਮਾਨੀ, ਬਲਜਿੰਦਰ ਸਿੰਘ ਅਤੇ ਸੂਬਾ ਸਿੰਘ ਵਜੋਂ ਹੋਈ ਹੈ, ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਟੀਮਾਂ ਨੇ ਚੰਡੀਗੜ੍ਹ ਰੇਲਵੇ ਸਟੇਸ਼ਨ ਨੇੜੇ ਟਰਾਂਸਪੋਰਟੇਸ਼ਨ ਵਾਹਨ ਵਿੱਚੋਂ 9.80 ਲੱਖ ਨਸ਼ੀਲੀਆਂ ਗੋਲੀਆਂ/ਕੈਪਸੂਲ ਦੀ ਖੇਪ ਬਰਾਮਦ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧੀ ਹੋਰ ਪੁੱਛਗਿੱਛ ਜਾਰੀ ਹੈ ਅਤੇ ਹੋਰ ਗ੍ਰਿਫਤਾਰੀਆਂ ਹੋਣ ਦੀ ਉਮੀਦ ਹੈ। ਇਸ ਸਬੰਧੀ ਐਫਆਈਆਰ ਨੰਬਰ 31 ਮਿਤੀ 20.02.2024 ਨੂੰ ਥਾਣਾ ਐਸ.ਟੀ.ਐਫ., ਐਸ.ਏ.ਐਸ.ਨਗਰ ਵਿਖੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ 22-ਸੀ, 25, 27-ਏ ਅਤੇ 29 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
 
 

Have something to say? Post your comment

 

More in Malwa

ਡੀਟੀਐੱਫ ਦੇ ਸੱਦੇ ਤੇ ਸੈਂਕੜੇ ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਸੰਗਰੂਰ ਦੇ ਦਫ਼ਤਰ ਦੇ ਅੱਗੇ ਲਗਾਇਆ ਧਰਨਾ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਪ੍ਰਧਾਨਗੀ ਹੇਠ ਹੋਈ

ਪਿੰਡ ਮੰਡੋਫਲ ਦੇ ਕਿਸਾਨ ਜਸਵਿੰਦਰ ਸਿੰਘ ਨੇ ਡੀ.ਏ.ਪੀ. ਦੀ ਥਾਂ ਸਿੰਗਲ ਸੁਪਰ ਫਾਸਫੇਟ ਵਰਤਕੇ ਕੀਤੀ ਕਣਕ ਦੀ ਬਿਜਾਈ

ਊੜਾ ਅਤੇ ਜੂੜਾ ਬਚਾਉ ਲਹਿਰ’ ਵਲੋਂ ਕਰਵਾਏ ਕੁਇਜ ਮੁਕਾਬਲਿਆਂ ਵਿਚ ਬਾਬਾ ਸਾਹਿਬ ਦਾਸ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ

ਕਰਜ਼ਾ ਵਸੂਲੀ ਬਦਲੇ ਕਿਸੇ ਦੀ ਜਾਇਦਾਦ ਕੁਰਕ ਨਹੀਂ ਹੋਣ ਦੇਵਾਂਗੇ : ਉਗਰਾਹਾਂ

ਸੰਤ ਰਤਨ ਸਿੰਘ ਜੀ ਗੁ: ਅਤਰਸਰ (ਰਾੜਾ ਸਾਹਿਬ) ਵਾਲਿਆਂ ਦੀ ਤੀਸਰੀ ਬਰਸੀ ਮਨਾਈ 

ਸੁਨਾਮ ਵਿਖੇ ਕਿਸਾਨਾਂ ਨੇ ਮਾਰਕੀਟ ਕਮੇਟੀ ਦਾ ਦਫ਼ਤਰ  ਘੇਰਿਆ 

ਸਵਰਗੀ ਹਰਭਜਨ ਸਿੰਘ ਥਿੰਦ ਨੂੰ ਸ਼ਰਧਾਂਜਲੀਆਂ ਭੇਟ 

ਮੁੱਖ ਮੰਤਰੀ ਦੀ ਨਵੇਂ ਚੁਣੇ ਪੰਚਾਂ ਨੂੰ ਅਪੀਲ; ਆਪਣੇ ਪਿੰਡਾਂ ਨੂੰ ‘ਆਧੁਨਿਕ ਵਿਕਾਸ ਧੁਰੇ’ ਵਿੱਚ ਤਬਦੀਲ ਕਰੋ

ਸੁਨਾਮ ਪੁਲਿਸ ਵੱਲੋਂ ਸੱਤ ਮੈਂਬਰੀ ਲੁਟੇਰਾ ਗਿਰੋਹ ਕਾਬੂ