ਪਟਿਆਲਾ : ਸ਼ਾਹੀ ਸ਼ਹਿਰ ਦੇ ਲੋਕਾਂ ਨੂੰ ਨਿਰਵਿਘਨ ਪਾਣੀ ਦੀ ਸਪਲਾਈ ਦੇਣ ਲਈ ਪੰਜਾਬ ਸਰਕਾਰ ਵੱਲੋਂ ਨਹਿਰੀ ਪਾਣੀ ਦਾ ਪ੍ਰੋਜੈਕਟ ਉਲੀਕੀਆਂ ਗਿਆ ਸੀ, ਜਿਸ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਇਸ ਪ੍ਰੋਜੈਕਟ ਦੇ ਤਹਿਤ ਹਰ ਗਲੀ ਮੁਹੱਲੇ ਵਿਚ ਅਤੇ ਸੜਕ ਤੋਂ ਪਾਣੀ ਦੀਆਂ ਪਾਈਪਾਂ ਨੂੰ ਨਵੀਨੀਕਰਨ ਰਾਹੀਂ ਪਾਇਆ ਗਿਆ। ਇਸ ਲਈ ਇਹ ਨਵੀਨੀਕਰਨ ਦੇ ਪ੍ਰੋਜੈਕਟ ਤਹਿਤ ਜਿਹੜੀਆਂ ਸੜਕਾਂ ਜਾਂ ਗਲੀਆਂ ਨੂੰ ਪੁੱਟਿਆ ਗਿਆ। ਉਨ੍ਹਾਂ ਦੀ ਮੁਰੰਮਤ ਦਾ ਕੰਮ ਲਗਾਤਾਰ ਜਾਰੀ ਹੈ। ਇਨ੍ਹਾਂ ਵਿਚ ਪਟਿਆਲਾ ਦੇ ਸੀਆਈਏ ਸਟਾਫ ਵਾਲੀ ਸੜਕ, ਅਜੀਤ ਨਗਰ ਟਾਇਲਾ ਵਾਲੀ ਰੋਡ, ਮੋਦੀ ਕਾਲਜ ਚਾਂਦਨੀ ਚੌਂਕ ਰੋਡ, ਲੀਲਾ ਭਵਨ ਤੇ ਮਿੰਨੀ ਸੈਕਟਰੀਏਟ ਰੋਡ ਵਾਲੀ ਸੜਕ ਮੁੱਖ ਹਨ।
ਜਾਣਕਾਰੀ ਦਿੰਦਿਆਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਦੀ ਮੰਗ ’ਤੇ ਸਰਕਾਰ ਵੱਲੋਂ ਨਹਿਰੀ ਪਾਣੀ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ। ਇਸ ਲਈ ਇਹ ਪ੍ਰੋਜੈਕਟ ਨੂੰ ਨੇਪਰੇ ਚਾੜਨ ਵਾਸਤੇ ਅਤੇ ਘਰ-ਘਰ ਪਾਣੀ ਦੀ ਸਪਲਾਈ ਨਿਰਵਿਘਨ ਪਹੁੰਚਾਉਣ ਵਾਸਤੇ ਨਵੀਆਂ ਪਾਈਪਾਂ ਦਾ ਪਾਉਣਾ ਜ਼ਰੂਰੀ ਸੀ, ਜਿਸ ਕਰਕੇ ਇਹ ਪਾਈਪਾਂ ਪਾਉਣ ਲਈ ਸੜਕਾਂ ਅਤੇ ਗਲੀਆਂ ਦਾ ਕੁੱਝ ਹਿੱਸਾ ਪੁੱਟਿਆ ਜਾਣਾ ਸੁਭਾਵਿਕ ਸੀ। ਵਿਧਾਇਕ ਨੇ ਦੱਸਿਆ ਕਿ ਇਹ ਪਾਈਪਾਂ ਪਾਉਣ ਦਾ ਕੰਮ ਐਲ ਐਂਡ ਟੀ ਕੰਪਨੀ ਵਲੋਂ ਕੀਤਾ ਜਾ ਰਿਹਾ ਹੈ। ਇਨ੍ਹਾਂ ਪਾਈਪਾਂ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਹੁਣ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਪੁੱਟੀਆਂ ਸੜਕਾਂ ਨੂੰ ਮੁੜ ਤੋਂ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਉਪਰ ਇੰਟਰਲਾਕਿੰਗ ਟਾਈਲਾਂ ਲਗਾਈਆਂ ਜਾ ਰਹੀ ਹੈ, ਜਦਕਿ ਮੁੱਖ ਸੜਕਾਂ ਨੂੰ ਲੁੱਕ ਪਾ ਕੇ ਬਣਾਇਆ ਜਾ ਰਿਹਾ ਹੈ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸ਼ਹਿਰ ਮੇਰਾ ਹੈ ਅਤੇ ਮੇਰੇ ਸ਼ਹਿਰ ਦੇ ਵਾਸੀਆਂ ਨੂੰ ਜੇਕਰ ਕੋਈ ਤਕਲੀਫ਼ ਹੋਵੇਗੀ ਤਾਂ ਉਹ ਸਹਿਣ ਨਹੀਂ ਹੋਵੇਗੀ। ਇਸ ਲਈ ਹਰ ਇੱਕ ਵਿਭਾਗ ਦੇ ਅਧਿਕਾਰੀ ਨੂੰ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਸੁਣਨ ਲਈ ਹਦਾਇਤਾਂ ਹਨ ਅਤੇ ਨਾਲ ਹੀ ਸੜਕਾਂ, ਗਲੀਆਂ ਅਤੇ ਹੋਰ ਵਿਕਾਸ ਕਾਰਜ ਪਹਿਲ ਦੇ ਆਧਾਰ ’ਤੇ ਕਰਨ ਲਈ ਕਿਹਾ ਗਿਆ ਹੈ।