ਸੁਨਾਮ : ਸੁਨਾਮ ਸ਼ਹਿਰ ਦੇ ਭੀੜ ਭੜੱਕੇ ਵਾਲੇ ਇਲਾਕੇ ਅੰਦਰ ਲੰਘੀ ਰਾਤ ਮਾਮੂਲੀ ਤਕਰਾਰ ਤੋਂ ਬਾਅਦ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਗਿਆ ਹੈ ਕਿ ਮ੍ਰਿਤਕ ਨੌਜਵਾਨ ਦੀ ਪਹਿਲਾਂ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਿਆਂ ਨਾਲ ਦੋਸਤੀ ਸੀ ਲੇਕਿਨ ਹੁਣ ਪਿਛਲੇ ਕੁੱਝ ਸਮੇਂ ਤੋਂ ਆਪਸ ਵਿੱਚ ਤਕਰਾਰ ਚੱਲਿਆ ਆ ਰਿਹਾ ਸੀ। ਪੁਲਿਸ ਨੇ ਤਿੰਨ ਸਕੇ ਭਰਾਵਾਂ ਖਿਲਾਫ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰ ਲਿਆ ਹੈ। ਥਾਣਾ ਸ਼ਹਿਰੀ ਸੁਨਾਮ ਦੇ ਮੁਖੀ ਇੰਸਪੈਕਟਰ ਪ੍ਰਤੀਕ ਜਿੰਦਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਘੀ ਰਾਤ ਕਰੀਬ ਅੱਠ ਕੁ ਵਜੇ ਸਥਾਨਕ ਇੰਦਰਾ ਬਸਤੀ ਵਿੱਚ ਸੁਨਾਮ ਸ਼ਹਿਰ ਦੇ ਹੀ ਵਿਸ਼ਾਲ ਕੁਮਾਰ ਨਾਂਅ ਦੇ ਨੌਜਵਾਨ ਦੀ ਰਾਹੁਲ ਕੁਮਾਰ ਨਾਲ ਕਿਸੇ ਗੱਲ ਨੂੰ ਲੈਕੇ ਆਪਸ ਵਿੱਚ ਕਿਹਾ ਸੁਣੀ ਹੋ ਗਈ। ਜਿਸ ਤੋਂ ਬਾਅਦ ਵਿਸ਼ਾਲ ਕੁਮਾਰ ਨੇ ਆਪਣੇ ਦੋ ਭਰਾਵਾਂ ਨਾਲ ਮਿਲਕੇ ਰਾਹੁਲ ਕੁਮਾਰ ( 22) ਪੁੱਤਰ ਮੂਲ ਚੰਦ ਵਾਸੀ ਸੁਨਾਮ ਦੀ ਮਾਰਕੁੱਟ ਕਰਕੇ ਉਸਨੂੰ ਗੰਭੀਰ ਜਖਮੀ ਕਰ ਦਿੱਤਾ ਗਿਆ। ਗੰਭੀਰ ਜਖਮੀ ਹਾਲਤ ਵਿਚ ਰਾਹੁਲ ਕੁਮਾਰ ਨੂੰ ਇਲਾਜ ਲਈ ਸ਼ਹੀਦ ਊਧਮ ਸਿੰਘ ਸਰਕਾਰੀ ਹਸਪਤਾਲ ਸੁਨਾਮ ਵਿਖੇ ਲਿਜਾਇਆ ਗਿਆ ਜਿੱਥੇ ਉਹ ਜਖਮਾਂ ਦੀ ਤਾਬ ਨਾ ਝੱਲਦਾ ਹੋਇਆ ਇਲਾਜ਼ ਦੌਰਾਨ ਦਮ ਤੋੜ ਗਿਆ। ਐਸ ਐਚ ਓ ਇੰਸਪੈਕਟਰ ਪ੍ਰਤੀਕ ਜਿੰਦਲ ਨੇ ਕਿਹਾ ਕਿ ਪੁਲਿਸ ਵੱਲੋ ਮਾਮਲੇ ਦੀ ਪੜਤਾਲ ਉਪਰੰਤ ਵਿਸ਼ਾਲ ਕੁਮਾਰ ਸਮੇਤ ਉਸ ਦੇ ਭਰਾ ਰੌਕੀ ਕੁਮਾਰ ਅਤੇ ਸੰਦੀਪ ਕੁਮਾਰ ਪੁੱਤਰਾਨ ਸਤੀਸ਼ ਕੁਮਾਰ ਵਾਸੀਆਨ ਸੁਨਾਮ ਖਿਲਾਫ ਬੀ ਐਨ ਐਸ ਐਸ ਦੀ ਧਾਰਾ 103,3/5 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਤਲ ਦੇ ਮਾਮਲੇ ਵਿੱਚ ਲੋੜੀਂਦੇ ਦੋਸ਼ੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਪੁਲਿਸ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।