ਲੱਕੜਾਂ ਦੇ ਭਰੇ ਕੈਂਟਰ ਨੇ ਲਿਆ ਲਪੇਟ 'ਚ
ਸੁਨਾਮ : ਸੁਨਾਮ-ਮਾਨਸਾ ਮੁੱਖ ਸੜਕ 'ਤੇ ਸਥਿਤ ਤਾਜ਼ ਪੈਲੇਸ ਕੋਲ ਲੰਘੀ ਰਾਤ ਵਾਪਰੇ ਸੜਕ ਹਾਦਸੇ ਵਿੱਚ ਸਕੂਟਰੀ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਸਕੂਟਰੀ ਸਵਾਰ ਨੌਜਵਾਨ ਰਾਤ ਸਮੇਂ ਢਾਬੇ ਤੇ ਖਾਣਾ ਖਾਣ ਲਈ ਜਾ ਰਹੇ ਸਨ। ਘਟਨਾ ਸਬੰਧੀ ਪੁਲਿਸ ਥਾਣਾ ਸ਼ਹਿਰੀ ਸੁਨਾਮ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਸ਼ਾਮ ਸਿੰਘ ਨੇ ਦੱਸਿਆ ਕਿ ਸੁਨਾਮ ਸ਼ਹਿਰ 'ਚ ਸੈਲੂਨ ਚਲਾਉਣ ਵਾਲੇ ਵਿਨੋਦ ਕੁਮਾਰ ਅਤੇ ਸ਼ੰਕਰ ਨਾਂਅ ਦੇ ਦੋ ਨੌਜਵਾਨ ਬੀਤੀ ਰਾਤ ਕਰੀਬ ਦਸ ਕੁ ਵਜੇ ਸਕੂਟਰੀ 'ਤੇ ਸ਼ੇਰੋਂ ਕੈਂਚੀਆਂ ਵਿੱਚ ਇਕ ਢਾਬੇ 'ਤੇ ਖਾਣਾ ਖਾਣ ਜਾ ਰਹੇ ਸਨ ਕਿ ਸਥਾਨਕ ਤਾਜ ਪੈਲੇਸ ਨੇੜੇ ਸਾਹਮਣੇ ਤੋਂ ਆ ਰਹੇ ਇਕ ਲੱਕੜ ਦੇ ਭਰੇ ਕੈਂਟਰ ਨੇ ਉਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜਿਸ ਕਾਰਨ ਵਿਨੋਦ ਕੁਮਾਰ (27) ਪੁੱਤਰ ਸੁਖਦੇਵ ਸਿੰਘ ਵਾਸੀ ਸੁਨਾਮ ਦੀ ਮੌਕੇ 'ਤੇ ਮੌਤ ਹੋ ਗਈ ਜਦੋਂ ਕਿ ਗੰਭੀਰ ਰੂਪ ਵਿਚ ਜਖਮੀ ਹੋਇਆ ਸ਼ੰਕਰ (22) ਪੁੱਤਰ ਸੁਰਜੀਤ ਰਾਮ ਵਾਸੀ ਸੁਨਾਮ ਵੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਗਿਆ। ਸਹਾਇਕ ਥਾਣੇਦਾਰ ਸ਼ਾਮ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਕੈਂਟਰ ਕਬਜੇ ਵਿੱਚ ਲੈ ਲਿਆ ਗਿਆ ਹੈ ਜਦੋਂ ਕਿ ਕੈਂਟਰ ਚਾਲਕ ਫਰਾਰ ਹੋ ਗਿਆ।ਜਿਸ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।