ਸੁਨਾਮ : ਸਾਹਿਤ ਸਭਾ ਸੁਨਾਮ ਦੇ ਸਰਪ੍ਰਸਤ ਜੰਗੀਰ ਸਿੰਘ ਰਤਨ ਨੇ ਸੁਰਜੀਤ ਪਾਤਰ ਦੇ ਅਚਾਨਕ ਅਕਾਲ ਚਲਾਣੇ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਦੁਨੀਆਂ ਭਰ ਵਿੱਚ ਪ੍ਰਸਿੱਧ, ਪੰਜਾਬ ਦੀ ਸ਼ਾਨਾਂਮਤੀ ਸ਼ਖ਼ਸੀਅਤ, ਮਸ਼ਹੂਰ ਪੰਜਾਬੀ ਸ਼ਾਇਰ ਪਦਮ ਸ਼੍ਰੀ ਸੁਰਜੀਤ ਪਾਤਰ ਜੀ ਦੇ ਅਕਾਲ ਚਲਾਣੇ ਨਾਲ ਜਿੱਥੇ ਉਹਨਾਂ ਦੇ ਪਰਿਵਾਰ ਨੂੰ ਅਸਹਿ ਸਦਮਾ ਹੋਇਆ ਹੈ, ਉੱਥੇ ਸਮੁੱਚੇ ਪੰਜਾਬੀ ਜਗਤ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਝੰਡਾ ਬਰਦਾਰ ਸ਼ਖਸ਼ੀਅਤ ਦੇ ਇਸ ਤਰਾਂ ਅਚਾਨਕ ਤੁਰ ਜਾਣ ਨਾਲ ਪੰਜਾਬੀ ਅਦਬ ਨੂੰ ਪਿਆ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕੇਗਾ। ਮਰਹੂਮ ਸ਼ਾਇਰ ਸੁਰਜੀਤ ਪਾਤਰ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਉੱਤੇ ਸਮੁੱਚੇ ਪੰਜਾਬੀ ਸਾਹਿਤ ਜਗਤ ਨੂੰ ਹਮੇਸ਼ਾ ਮਾਣ ਰਹੇਗਾ। ਸਾਹਿਤ ਸਭਾ ਸੁਨਾਮ ਦੇ ਸਮੂਹ ਮੈਂਬਰ ਪਾਤਰ ਸਾਹਿਬ ਦੇ ਪਰਿਵਾਰ ਨਾਲ ਇਸ ਅਸਹਿ ਦੁੱਖ ਵਿੱਚ ਸ਼ਰੀਕ ਹੁੰਦੇ ਹੋਏ ਅਰਦਾਸ ਕਰਦੇ ਹਨ ਕਿ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਗਿਆਨੀ ਜੰਗੀਰ ਸਿੰਘ ਰਤਨ, ਭੋਲਾ ਸਿੰਘ ਸੰਗਰਾਮੀ, ਪ੍ਰਧਾਨ ਜਸਵੰਤ ਸਿੰਘ ਅਸਮਾਨੀ, ਮਿਲਖਾ ਸਿੰਘ ਸਨੇਹੀ, ਗੁਰਜੰਟ ਸਿੰਘ ਉਗਰਾਹਾਂ, ਪ੍ਰੀਤ ਗੋਰਖਾ, ਚਮਕੌਰ ਸਿੰਘ, ਐਡਵੋਕੇਟ ਰਮੇਸ਼ ਕੁਮਾਰ ਸ਼ਰਮਾ , ਸੁਪਿੰਦਰ ਭਾਰਦਵਾਜ, ਡਾਕਟਰ ਅਮਰੀਕ ਅਮਨ, ਸੁਖਦੇਵ ਸਿੰਘ, ਬੇਅੰਤ ਸਿੰਘ, ਸੁਰੇਸ਼ ਚੌਹਾਨ, ਹਰਮੇਲ ਸਿੰਘ ਅਤੇ ਕਾਮਰੇਡ ਅਵਤਾਰ ਸਿੰਘ ਹਾਜ਼ਰ ਸਨ।