ਸੁਨਾਮ : ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਪੰਜਾਬ ਅੰਦਰ ਪੈ ਰਹੀ ਅੱਤ ਦੀ ਗਰਮੀ ਦੇ ਬਾਵਜੂਦ ਸੁਨਾਮ ਵਿਖੇ ਭਾਜਪਾ ਦੀ ਸੂਬਾ ਸਕੱਤਰ ਦਾਮਨ ਬਾਜਵਾ ਦੀ ਅਗਵਾਈ ਹੇਠ ਇਕੱਤਰ ਹੋਏ ਭਾਜਪਾਈਆਂ ਨੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਅੰਦਰ ਸੰਗਰੂਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਲਈ ਵੋਟਾਂ ਮੰਗੀਆਂ, ਇਸ ਮੌਕੇ ਭਾਜਪਾ ਆਗੂਆਂ ਵਿੱਚ ਉਤਸ਼ਾਹ ਦੇਖਣਾ ਬਣਦਾ ਸੀ। ਇੱਕ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕੁੱਝ ਕੁ ਕਾਰਕੁੰਨ ਸ਼ਹਿਰ ਅੰਦਰ ਗੱਡੀ ਤੇ ਸਪੀਕਰ ਲਾਕੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਅਤੇ ਦੂਜੇ ਪਾਸੇ ਦਾਮਨ ਬਾਜਵਾ ਦੀ ਅਗਵਾਈ ਹੇਠ ਭਾਜਪਾ ਦੇ ਆਗੂ ਤੇ ਵਰਕਰ ਚੋਣ ਪ੍ਰਚਾਰ ਕਰਦੇ ਰਹੇ।
ਇਸ ਮੌਕੇ ਭਾਜਪਾ ਦੀ ਸੂਬਾ ਸਕੱਤਰ ਦਾਮਨ ਥਿੰਦ ਬਾਜਵਾ, ਹਰਮਨਦੇਵ ਸਿੰਘ ਬਾਜਵਾ, ਸਾਬਕਾ ਜ਼ਿਲ੍ਹਾ ਪ੍ਰਧਾਨ ਰਿਸ਼ੀ ਪਾਲ ਖੇਰਾ, ਸੀਨੀਅਰ ਭਾਜਪਾ ਨੇਤਾ ਪ੍ਰੇਮ ਗੁਗਨਾਨੀ, ਪ੍ਰਧਾਨ ਮਹਿਲਾ ਵਿੰਗ ਸੀਮਾ ਰਾਣੀ, ਸਾਬਕਾ ਕੌਂਸਲਰ ਮੋਨਿਕਾ ਗੋਇਲ, ਜ਼ਿਲ੍ਹਾ ਜਨਰਲ ਸਕੱਤਰ ਸੰਜੇ ਗੋਇਲ, ਮਾਲਵਿੰਦਰ ਸਿੰਘ ਗੋਲਡੀ ਅਤੇ ਜਰਨੈਲ ਸਿੰਘ ਢੋਟ ਦਾ ਕਹਿਣਾ ਸੀ ਕਿ ਮੁਲਕ ਦੀ ਜਨਤਾ ਮੁੜ ਲਗਾਤਾਰ ਤੀਜ਼ੀ ਵਾਰ ਭਾਜਪਾ ਦੀ ਸਰਕਾਰ ਨੂੰ ਲੈਕੇ ਉਤਸੁਕ ਹੈ ਅਤੇ ਭਾਜਪਾ ਵੱਲੋਂ ਦਿੱਤਾ ਚਾਰ ਸੌ ਪਾਰ ਦਾ ਨਾਅਰਾ ਸਫ਼ਲ ਹੋ ਜਾਵੇਗਾ। ਭਾਜਪਾ ਆਗੂਆਂ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਦਸ ਸਾਲ ਦੇ ਕਾਰਜਕਾਲ ਦੌਰਾਨ ਕਿਸਾਨ ਸਮੇਤ ਹੋਰਨਾਂ ਵਰਗਾਂ ਦੀ ਭਲਾਈ ਲਈ ਕਦਮ ਚੁੱਕੇ ਹਨ ਅਤੇ ਅਜਿਹਾ ਸਿਲਸਿਲਾ ਭਵਿੱਖ ਵਿੱਚ ਵੀ ਜਾਰੀ ਰਹੇਗਾ। ਭਾਜਪਾ ਆਗੂ ਦਾਮਨ ਬਾਜਵਾ ਅਤੇ ਹਰਮਨ ਬਾਜਵਾ ਨੇ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਕੇਂਦਰੀ ਮੰਤਰੀਆਂ ਸਮੇਤ ਹੋਰ ਭਾਜਪਾ ਆਗੂ ਪੁੱਜ ਰਹੇ ਹਨ।