ਦੇਸ਼ ਦਾ ਭਵਿੱਖ ਵਿਦਿਆਰਥੀਆਂ ਨੂੰ ਲੋਕਤੰਤਰ ਨਾਲ ਜੋੜਨਾ ਮੁੱਖ ਮਕਸਦ-ਸ਼ੌਕਤ ਅਹਿਮਦ ਪਰੇ
ਕਿਹਾ, ਜ਼ਿਲ੍ਹੇ ਨੂੰ 70 ਫ਼ੀਸਦੀ ਤੋਂ ਵੱਧ ਵੋਟਿੰਗ ਵੱਲ ਲਿਜਾਣ ਲਈ ਕਾਰਗਰ ਸਾਬਤ ਹੋਵੇਗੀ ਵੋਟ ਰਨ ਮੈਰਾਥਨ
ਪਟਿਆਲਾ : ਜ਼ਿਲ੍ਹਾ ਚੋਣ ਅਫ਼ਸਰ, ਪਟਿਆਲਾ ਸ਼ੌਕਤ ਅਹਿਮਦ ਪਰੇ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਵੀਪ ਗਤੀਵਿਧੀਆਂ ਹੇਠ ਅੱਜ ਕਰਵਾਈ 'ਵੋਟ ਰਨ ਮੈਰਾਥਨ' ਨੂੰ ਪੋਲੋ ਗਰਾਊਂਡ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਚਾਰ ਹਜਾਰ ਦੇ ਕਰੀਬ ਵਿਦਿਆਰਥੀਆਂ ਅਤੇ ਪਟਿਆਲਵੀਆਂ ਨੇ ਇਸ ਵੋਟ ਰਨ ਮੈਰਾਥਨ ਵਿੱਚ ਉਤਸ਼ਾਹ ਨਾਲ ਹਿੱਸਾ ਲੈਕੇ ਵੋਟਰਾਂ ਨੂੰ 1 ਜੂਨ 2024 ਨੂੰ ਲੋਕ ਸਭਾ ਚੋਣਾਂ ਲਈ ਵੱਧ ਚੜ੍ਹਕੇ ਵੋਟਾਂ ਪਾਉਣ ਦਾ ਸੁਨੇਹਾ ਦਿੱਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਕੰਚਨ ਅਤੇ ਐਸ.ਪੀ ਸਿਟੀ ਸਰਫ਼ਰਾਜ ਆਲਮ, ਦਿਵਿਆਂਗਜਨ ਸਟੇਟ ਆਈਕਨ ਜਗਵਿੰਦਰ ਸਿੰਘ ਅਤੇ ਜਗਦੀਪ ਸਿੰਘ ਸਮੇਤ ਵੱਡੀ ਗਿਣਤੀ ਹੋਰ ਪਤਵੰਤੇ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਸਵੇਰੇ ਜਲਦੀ ਉਠਕੇ ਇਸ ਮੈਰਾਥਨ 'ਚ ਹਿੱਸਾ ਲੈਣ ਵਾਲਿਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਉਦੇਸ਼ ਭਵਿੱਖ ਦੇ ਵੋਟਰਾਂ ਅਤੇ ਦੇਸ਼ ਦੇ ਭਵਿੱਖ ਵਿਦਿਆਰਥੀਆਂ ਨੂੰ ਲੋਕਤੰਤਰ ਨਾਲ ਜੋੜਨਾ ਹੈ ਤਾਂ ਕਿ ਸਾਡੇ ਨੌਜਵਾਨ ਵੀ ਲੋਕਤੰਤਰ ਦੀ ਮਜ਼ਬੂਤੀ ਲਈ ਆਪਣਾ ਯੋਗਦਾਨ ਪਾ ਸਕਣ।
ਵਿਦਿਆਰਥੀਆਂ ਤੇ ਪਟਿਆਲਵੀਆਂ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਤੇ ਵੋਟਾਂ ਪਾਉਣ ਦਾ ਸੁਨੇਹਾ ਦੇਣ ਲਈ ਇਸ ਵੋਟ ਰਨ ਮੈਰਾਥਨ 'ਚ ਹਿੱਸਾ ਲੈਣ ਲਈ ਧੰਨਵਾਦ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਕੋਸ਼ਿਸ਼ ਪਟਿਆਲਾ ਨੂੰ 70 ਫ਼ੀਸਦੀ ਤੋਂ ਵੱਧ ਵੋਟਿੰਗ ਵਾਲਾ ਜ਼ਿਲ੍ਹਾ ਬਣਾਉਣ ਲਈ ਕਾਰਗਰ ਸਾਬਤ ਹੋਵੇਗੀ।
ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਵੋਟ ਰਨ ਮੈਰਾਥਨ ਨੇ ਅੱਜ ਇਹ ਸੁਨੇਹਾ ਦਿੱਤਾ ਹੈ ਕਿ ਲੋਕ ਸਭਾ ਲਈ 1 ਜੂਨ ਨੂੰ ਵੋਟਾਂ ਪਾਉਣ ਤੋਂ ਕੋਈ ਵੀ ਯੋਗ ਵੋਟਰ ਵਾਂਝਾ ਨਾ ਰਹੇ ਅਤੇ ਹਰੇਕ ਵੋਟਰ ਆਪਣਾ ਕੁਝ ਸਮਾਂ ਕੱਢਕੇ ਵੋਟਾਂ ਜਰੂਰ ਪਾਉਣ ਲਈ ਬੂਥ ਉਪਰ ਜਾਵੇ।ਵੋਟ ਰਨ ਮੈਰਾਥਨ ਦੀ ਅਗਵਾਈ ਕਰ ਰਹੇ ਏ.ਡੀ.ਸੀ. ਕੰਚਨ ਨੇ ਦੱਸਿਆ ਕਿ ਇਸ ਵੋਟ ਰਨ ਮੈਰਾਥਨ ਵਿੱਚ ਸ਼ਾਮਲ ਵਿਦਿਆਰਥੀਆਂ ਤੇ ਪਟਿਆਲਵੀਆਂ ਨੇ ਪੋਲੋ ਗਰਾਊਂਡ ਤੋਂ ਸ਼ੁਰੂ ਹੋਕੇ ਲੀਲਾ ਭਵਨ, ਬਾਰਾਂਦਰੀ, ਸ਼ੇਰਾਂ ਵਾਲਾ ਗੇਟ ਤੋਂ ਹੁੰਦੀ ਹੋਈ ਫੁਹਾਰਾ ਚੌਂਕ ਤੋਂ ਵਾਪਸ ਪੋਲੋ ਗਰਾਊਂਡ ਵਿਖੇ ਸਮਾਪਤੀ ਕੀਤੀ ਹੈ।
ਇਸ ਮੌਕੇ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ, ਜ਼ਿਲ੍ਹਾ ਸਵੀਪ ਇੰਚਾਰਜ ਪ੍ਰੋ. ਸ਼ਵਿੰਦਰ ਰੇਖੀ ਤੇ ਮੋਹਿਤ ਕੌਸ਼ਲ, ਡੀ.ਐਸ.ਪੀ. ਟ੍ਰੈਫਿਕ ਕਰਨੈਲ ਸਿੰਘ, ਡੀ.ਡੀ.ਐਫ. ਨਿਧੀ ਮਲਹੋਤਰਾ, ਡੀ.ਐਫ਼.ਐਸ.ਸੀ. ਡਾ. ਰਵਿੰਦਰ ਕੌਰ, ਏ.ਸੀ.ਐਫ.ਏ. ਰਾਕੇਸ਼ ਗਰਗ, ਆਈ.ਸੀ.ਆਈ.ਸੀ. ਬੈਂਕ ਦੇ ਰੀਜ਼ਨਲ ਮੁਖੀ ਅਮਿਤ ਕੁਮਾਰ ਤੇ ਕਰੁਣ ਸ਼ਰਮਾ, ਚੋਣ ਦਫ਼ਤਰ ਦਾ ਸਮੁੱਚਾ ਅਮਲਾ, ਸਕੂਲਾਂ ਤੇ ਕਾਲਜਾਂ ਦੇ ਵੱਡੀ ਗਿਣਤੀ ਵਿਦਿਆਰਥੀ ਅਤੇ ਪ੍ਰਿੰਸੀਪਲ ਤੇ ਅਧਿਆਪਕ ਮੌਜੂਦ ਸਨ।