ਮਾਲੇਰਕੋਟਲਾ : ਸਮਾਜ ਸੇਵੀ ਸੰਸਥਾ ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ (ਰਜਿ.) ਜਿੱਥੇ ਲੋੜਵੰਦ ਮਰੀਜ਼ਾਂ ਦੀ ਮਦਦ ਲਈ ਹਮੇਸ਼ਾਂ ਤੱਤਪਰ ਰਹਿੰਦੀ ਹੈ ਉਥੇ ਹੀ ਸਕੂਲਾਂ ਚ ਪੜ੍ਹਨ ਵਾਲੇ ਹੋਣਹਾਰ ਅਤੇ ਲੋੜਵੰਦ ਬੱਚਿਆਂ ਦੀ ਹੌਂਸਲਾ ਅਫ਼ਜਾਈ ਲਈ ਵੀ ਗਾਹੇ ਬਗਾਹੇ ਕਦਮ ਚੁੱਕਦੀ ਰਹਿੰਦੀਂ ਹੈ। ਇਸੇ ਕੜੀ ਤਹਿਤ ਅੱਜ ਪੰਜਾਬ ਵਕਫ ਬੋਰਡ ਦੇ ਪ੍ਰਬੰਧਾਂ ਅਧੀਨ ਚੱਲਣ ਵਾਲੇ ਸਥਾਨਕ ਇਸਲਾਮੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਇੱਕ ਸਾਦੇ ਸਮਾਗਮ ਦੌਰਾਨ ਆਰਥਿਕ ਤੋਰ ਤੇ ਕਮਜ਼ੋਰ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ। ਇਸ ਮੌਕੇ ਪ੍ਰਧਾਨ ਅਜ਼ਹਰ ਮੁਨੀਮ ਨੇ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਸਮਾਜ ਭਲਾਈ ਦੇ ਵੱਖ ਵੱਖ ਖੇਤਰਾਂ 'ਚ ਕੰਮ ਜਾਰੀ ਹਨ। ਉਨ੍ਹਾਂ ਦੱਸਿਆ ਕਿ ਅੱਜ ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ ਵੱਲੋਂ 200 ਦੇ ਕਰੀਬ ਸਕੂਲੀ ਬੱਚਿਆਂ ਨੂੰ ਆਪਣੀ ਪੜ੍ਹਾਈ ਸਬੰਧੀ ਆ ਰਹੀ ਪ੍ਰੇਸ਼ਾਨੀ ਨੂੰ ਦੂਰ ਕਰਦੇ ਹੋਏ ਕਿਤਾਬਾਂ, ਕਾਪੀਆਂ, ਵਰਦੀਆਂ, ਸਕੂਲ ਬੇਗ ਅਤੇ ਸਕੂਲ ਬੂਟ ਦਿੱਤੇ ਗਏ। ਅਜ਼ਹਰ ਮੁਨੀਮ ਨੇ ਕਿਹਾ ਕਿ ਲੋੜਵੰਦਾਂ ਦੀ ਮਦਦ ਕਰਨਾ ਹੀ ਮਨੁੱਖਤਾ ਦੀ ਸੱਚੀ ਸੇਵਾ ਹੈ। ਮਨੁੱਖਤਾ ਦਾ ਧਰਮ ਸਭ ਤੋਂ ਵੱਡਾ ਧਰਮ ਹੈ। ਆਪਣੇ ਮਨੁੱਖੀ ਜੀਵਨ ਵਿੱਚ, ਸਾਨੂੰ ਆਪਣੇ ਆਪ ਨੂੰ ਆਪਣੇ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ ਅਤੇ ਦੂਜਿਆਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।
ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਮੁਹੰਮਦ ਖਲੀਲ ਰਿਟਾਇਰਡ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ), ਡਾ.ਕਰਨਵੀਰ, ਸੇਵਾ ਮੁਕਤ ਤਹਿਸੀਲਦਾਰ ਸਿਰਾਜ ਅਹਿਮਦ, ਉੱਘੇ ਕਵੀ ਜ਼ਮੀਰ ਅਲੀ ਜ਼ਮੀਰ, ਸਮਾਜ ਸੇਵੀ ਜ਼ਹੂਰ ਅਹਿਮਦ ਚੌਹਾਨ, ਮੁਕੱਰਮ ਸੈਫ਼ੀ, ਸਰਪ੍ਰਸਤ ਇਲਮਦੀਨ ਮੁਨੀਮ ਤੇ ਹਾਜੀ ਅਬਦੁੱਲ ਗ਼ੱਫਾਰ ਨੇ ਇਸ ਨੇਕ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ ਵੱਲੋਂ ਲੋੜਵੰਦ ਬੱਚਿਆਂ ਦੀ ਸਹਾਇਤਾ ਕਰਨਾ ਇਕ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਹ ਛੋਟੇ ਬੱਚੇ ਸਾਡੇ ਦੇਸ਼ ਦਾ ਆਉਣ ਵਾਲਾ ਭਵਿੱਖ ਹਨ। ਇਨ੍ਹਾਂ ਬੱਚਿਆਂ ਦੀ ਹਰ ਜ਼ਰੂਰਤ ਨੂੰ ਪੂਰਾ ਕਰਨਾ ਸਾਡਾ ਫਰਜ਼ ਹੈ ਕਿਉਂਕਿ ਪੜ੍ਹਿਆ ਲਿਖਿਆ ਇਨਸਾਨ ਹੀ ਜਿੰਦਗੀ ਦੀ ਹਰ ਲੜਾਈ ਭਾਵ ਹਰ ਕਾਮਯਾਬੀ ਹਾਸਲ ਕਰਨ ਦੇ ਲਾਇਕ ਬਣਦਾ ਹੈ। ਇਸ ਲਈ ਸਾਨੂੰ ਇਨ੍ਹਾਂ ਨੂੰ ਵੱਧ ਤੋਂ ਵੱਧ ਪੜ੍ਹਾਈ ਲਈ ਪ੍ਰੇਰਿਤ ਕਰਨ ਦੇ ਉਪਰਾਲੇ ਕਰਨੇ ਅਤੇ ਇਨ੍ਹਾਂ ਅੰਦਰ ਪੜ੍ਹਾਈ ਪ੍ਰਤੀ ਰੁਚੀ ਪੈਦਾ ਕਰਨੀ ਚਾਹੀਦੀ ਹੈ। ਇਸ ਮੌਕੇ ਪ੍ਰਧਾਨ ਅਜ਼ਹਰ ਮੁਨੀਮ ਤੋਂ ਇਲਾਵਾ ਮੁਹੰਮਦ ਗੁਲਜ਼ਾਰ, ਮੁਹੰਮਦ ਹਨੀਫ਼, ਅਨੀਸ ਕੁਰੈਸ਼ੀ, ਰਮਜ਼ਾਨ ਸੋਨੀ, ਫਿਰੋਜ਼ ਪੱਪੂ, ਹਾਜੀ ਮੁਹੰਮਦ ਹਨੀਫ਼, ਮੁਹੰਮਦ ਹਲੀਮ, ਸ਼ਮਸ਼ਾਦ ਸਾਦੁ, ਇਰਫਾਨ ਫ਼ਾਨੀ, ਸਾਹਿਬਦੀਨ ਕੇਲੋਂ, ਮਹਿਮੂਦ ਰਾਜੂ, ਮੁਹੰਮਦ ਪ੍ਰਵੇਜ਼, ਅਰਸ਼ਦ ਮੁਨੀਮ, ਅਖਤਰ ਜੋਸ਼, ਹਾਜੀ ਦਿਲਸ਼ਾਦ ਬੱਗੀ, ਮੁਹੰਮਦ ਹਾਸ਼ਿਮ, ਸ਼ਹਿਜ਼ਾਦ ਮਾਹੀ ਅਤੇ ਹਾਜੀ ਗੁਲਾਮ ਰਸੂਲ ਆਦਿ ਹਾਜ਼ਰ ਸਨ। ਪ੍ਰੋਗਰਾਮ ਦੇ ਅੰਤ 'ਚ ਸਕੂਲ ਦੀ ਪ੍ਰਿੰਸੀਪਲ ਮੈਡਮ ਸਬਾ ਸ਼ਾਹੀਨ ਵਲੋਂ ਸਹਾਰਾ ਮੁਸਲਿਮ ਵੈਲਫੇਅਰ ਦੀ ਟੀਮ ਅਤੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।