ਪਟਿਆਲਾ : ਸਾਹਿਤ ਸਭਾ, ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਸਕਾਈ ਟਰੇਲ ਸੰਸਥਾ ਦੇ ਸਹਿਯੋਗ ਨਾਲ ਪੰਜਾਬੀ ਦੇ ਪ੍ਰਸਿੱਧ ਤੇ ਸੰਗੀਤ ਨਾਟਕ ਅਕਾਦਮੀ ਪੁਰਸਕ੍ਰਿਤ ਨਾਟਕਕਾਰ ਪਾਲੀ ਭੁਪਿੰਦਰ ਸਿੰਘ ਦੇ ਨਾਟਕ 'ਜਾਮ' ਦੀਆਂ ਦੋ ਰੋਜ਼ਾ ਪੇਸ਼ਕਾਰੀਆਂ ਕਰਵਾਈਆਂ ਗਈਆਂ। ਨਾਟਕ ਔਰਤ ਮਰਦ ਦੇ ਰਿਸ਼ਤੇ ਵਿੱਚ ਲੱਗੇ ਭਾਵਨਾਤਮਕ ਜਾਮ ਦੀ ਖੂਬਸੂਰਤ ਪੇਸ਼ਕਾਰੀ ਹੋ ਨਿਬੜਿਆ। ਪਾਲੀ ਭੁਪਿੰਦਰ ਦੁਆਰਾ ਲਿਖਿਆ ਤੇ ਨਿਰਦੇਸ਼ਤ ਕੀਤਾ ਇਹ ਨਾਟਕ ਜਾਮ ਦਾ ਖੂਬਸੂਰਤ ਮੈਟਾਫਰ ਸਿਰਜਦਾ ਹੈ। ਸੜਕ ਤੇ ਲੱਗੇ ਜਾਮ ਦੇ ਮੈਟਾਫ਼ਰ ਰਾਹੀਂ ਦਿਖਾਇਆ ਗਿਆ ਕਿ ਕਿਵੇਂ ਆਦਿ ਕਾਲ ਤੋਂ ਹੁਣ ਤੱਕ ਆਜ਼ਾਦੀ ਦੇ ਚੱਕਰਵਿਊ ਨੇ ਔਰਤ ਮਰਦ ਦੇ ਰਿਸ਼ਤੇ ਵਿੱਚ ਦਰਾਰਾਂ ਪੈਦਾ ਕੀਤੀਆਂ ਹਨ ਤੇ ਉਹ ਇੱਕ ਜੁੱਟ ਹੋਣ ਦੀ ਬਜਾਏ ਵਿਰੋਧੀ ਜੁੱਟ ਵਜੋਂ ਆਹਮਣੇ ਸਾਹਮਣੇ ਹੋ ਗਏ ਹਨ। ਜ਼ਿੰਦਗੀ ਦੇ ਜਾਮ ਨੂੰ ਰਲ ਕੇ ਹੀ ਪਾਰ ਕੀਤਾ ਜਾ ਸਕਦਾ ਹੈ। ਪ੍ਰੋ. ਗੁਰਮੁਖ ਸਿੰਘ, ਮੁਖੀ ਪੰਜਾਬੀ ਵਿਭਾਗ ਨੇ ਬੋਲਦਿਆਂ ਕਿਹਾ ਕਿ ਪਾਲੀ ਭੁਪਿੰਦਰ ਪੰਜਾਬੀ ਦਾ ਸਮਰੱਥ ਨਾਟਕਕਾਰ ਹੈ, ਉਸ ਦੇ ਵਿਸ਼ੇ ਹਮੇਸ਼ਾ ਬਹੁਤ ਹਟ ਕੇ ਹੁੰਦੇ ਹਨ। ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਡਾਕਟਰ ਗੁਰਸੇਵਕ ਲੰਬੀ ਨੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਤੇ ਦੱਸਿਆ ਕਿ ਪਾਲੀ ਭੁਪਿੰਦਰ ਨੇ ਨੌਂ ਸਾਲਾਂ ਬਾਅਦ ਪੰਜਾਬੀ ਰੰਗਮੰਚ ਵਿੱਚ ਵਾਪਸੀ ਕੀਤੀ ਹੈ। ਉਹਨਾਂ ਤੋਂ ਹੋਰ ਚੰਗੇ ਨਾਟਕਾਂ ਦੀ ਆਸ ਰਹੇਗੀ। ਡਾ. ਬਲਦੇਵ ਸਿੰਘ ਧਾਲੀਵਾਲ ਨੇ ਇਸ ਮੌਕੇ ਤੇ ਸੰਬੋਧਨ ਕਰਦਿਆਂ ਕਿਹਾ ਕਿ ਪਾਲੀ ਭੁਪਿੰਦਰ ਨੇ ਨਵੀਆਂ ਜੁਗਤਾਂ ਰਾਹੀਂ ਨਵਾਂ ਸੁਨੇਹਾ ਦਿੱਤਾ ਹੈ। ਇਸ ਤਰ੍ਹਾਂ ਦੀ ਬੋਲਡ ਭਾਸ਼ਾ ਵਿੱਚ ਪਾਲੀ ਭੁਪਿੰਦਰ ਹੀ ਗੱਲ ਕਰ ਸਕਦਾ ਹੈ। ਪਾਲੀ ਭੁਪਿੰਦਰ ਨੇ ਆਪਣੇ ਅਹਿਸਾਸ ਸਾਂਝੇ ਕਰਦਿਆਂ ਕਿਹਾ ਕਿ ਮੈਂ ਭਾਵੇਂ ਫਿਲਮਾਂ ਅਤੇ ਸੋਸ਼ਲ ਮੀਡੀਆ ਤੇ ਮਸ਼ਰੂਫ ਰਿਹਾ ਹਾਂ ਪਰ ਰੰਗਮੰਚ ਮੇਰੀ ਪਹਿਲੀ ਪਸੰਦ ਹੈ। ਪ੍ਰੋਗਰਾਮ ਦੌਰਾਨ ਰਾਹੁਲ ਦੇਵਗਨ ਤੇ ਹਰਪ੍ਰੀਤ ਦੇਵਗਨ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਪ੍ਰੋਫੈਸਰ ਕਿਰਪਾਲ ਕਜਾਕ, ਡਾ. ਰਜਿੰਦਰ ਪਾਲ ਬਰਾੜ, ਚਰਨਜੀਤ ਕੌਰ ਡਾ. ਦਰਸ਼ਨ ਆਸਟ ਆਦਿ ਹਾਜ਼ਰ ਸਨ।