ਫ਼ਤਹਿਗੜ੍ਹ ਸਾਹਿਬ : ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੱਧ ਤੋਂ ਵੱਧ ਵੋਟਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਵਾਸਤੇ ਚੋਣ ਕਮਿਸ਼ਨ ਵੱਲੋਂ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ ਜਿਸ ਤਹਿਤ ਵੋਟਰਾਂ ਨੂੰ ਪੋਲਿੰਗ ਸਟੇਸ਼ਨਾਂ ਤੱਕ ਲੈ ਕੇ ਆਉਣ ਵਾਸਤੇ ਵਿਸ਼ੇਸ਼ ਸੱਦਾ ਪੱਤਰ ਭੇਜੇ ਜਾ ਰਹੇ ਹਨ ਤਾਂ ਜੋ ਵੋਟਰ ਆਸਾਨੀ ਨਾਲ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ। ਇਹਨਾਂ ਸੱਦਾ ਪੱਤਰਾਂ ਉੱਤੇ ਇੱਕ ਕਿਊਆਰ ਕੋਡ ਦਿੱਤਾ ਗਿਆ ਹੈ ਜਿਸ ਨੂੰ ਸਕੈਨ ਕਰਕੇ ਵੋਟਰ ਆਪਣੇ ਪੋਲਿੰਗ ਸਟੇਸ਼ਨ ਬਾਰੇ ਜਾਣਕਾਰੀ ਹਾਸਲ ਕਰ ਸਕਣਗੇ। ਇਹ ਜਾਣਕਾਰੀ ਜਿਲਾ ਚੋਣ ਅਫਸਰ ਕੰਮ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਨੀਤ ਸ਼ੇਰਗਿੱਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੇ ਪ੍ਰਬੰਧਾਂ ਬਾਰੇ ਗੱਲਬਾਤ ਕਰਦਿਆਂ ਦਿੱਤੀ। ਉਹਨਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਇਹਨਾਂ ਲੋਕ ਸਭਾ ਚੋਣਾਂ ਲਈ ਦਿੱਤੇ ਇਸ ਵਾਰ 70 ਪਾਰ ਦੇ ਟੀਚੇ ਨੂੰ ਹਾਸਲ ਕਰਨ ਵਾਸਤੇ ਜੰਗੀ ਪੱਧਰ ਤੇ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਲੋਕ ਸਭਾ ਚੋਣਾਂ ਵਿੱਚ ਵੱਧ ਤੋਂ ਵੱਧ ਵੋਟਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾ ਸਕੇ। ਉਹਨਾਂ ਦੱਸਿਆ ਕਿ ਸਵੀਪ ਗਤੀ ਪ੍ਰੋਗਰਾਮ ਅਧੀਨ ਜ਼ਿਲ੍ਹੇ ਵਿੱਚ ਵੋਟਰ ਜਾਗਰੂਕਤਾ ਤਹਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਤੇ ਸਵੀਪ ਟੀਮਾਂ ਵੱਲੋਂ ਨੁਕੜ ਨਾਟਕ, ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ, ਜਾਗਰੂਕਤਾ ਰੈਲੀਆਂ ਵੀ ਕੀਤੀਆਂ ਜਾ ਰਹੀਆਂ ਹਨ। ਇਲਾਵਾ ਵੱਖ-ਵੱਖ ਸਰਕਾਰੀ ਦਫਤਰਾਂ ਅਤੇ ਜਨਤਕ ਸਥਾਨਾਂ ਉੱਤੇ ਜਾ ਕੇ ਵੋਟਰਾਂ ਨੂੰ ਵੋਟ ਦੇ ਮਹੱਤਵ ਬਾਰੇ ਦੱਸਿਆ ਜਾ ਰਿਹਾ ਹੈ। ਸ਼੍ਰੀਮਤੀ ਸ਼ੇਰਗਿੱਲ ਨੇ ਕਿਹਾ ਕਿ ਵੋਟ ਸਾਡਾ ਸੰਵਿਧਾਨਿਕ ਹੱਕ ਹੈ ਜਿਸ ਦੀ ਵਰਤੋਂ ਕਰਕੇ ਅਸੀਂ ਦੇਸ਼ ਦੀ ਖੁਸ਼ਹਾਲੀ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਸੰਵਿਧਾਨ ਨੇ ਜਿੱਥੇ ਸਾਨੂੰ ਬਰਾਬਰਤਾ ਦੇ ਹੱਕ ਦਿੱਤੇ ਹਨ ਉੱਥੇ ਹੀ ਵੋਟ ਦਾ ਹੱਕ ਦੇ ਕੇ ਇੱਕ ਅਜਿਹੀ ਤਾਕਤ ਦਿੱਤੀ ਹੈ ਜਿਸ ਦੀ ਵਰਤੋਂ ਅਸੀਂ ਆਪਣੇ ਲੋਕਤੰਤਰ ਨੂੰ ਹੋਰ ਮਜਬੂਤ ਬਣਾਉਣ ਲਈ ਕਰ ਸਕਦੇ ਹਾਂ। ਉਹਨਾਂ ਜ਼ਿਲ੍ਹੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਆਪਣੀ ਵੋਟ ਦਾ ਇਸਤੇਮਾਲ ਜਰੂਰ ਕੀਤਾ ਜਾਵੇ ਤਾਂ ਜੋ ਅਸੀਂ ਆਪਣੇ ਲੋਕਤੰਤਰ ਨੂੰ ਹੋਰ ਮਜਬੂਤ ਕਰ ਸਕੀਏ। ਉਹਨਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਜਿੱਥੇ ਚੋਣਾਂ ਸੰਬੰਧੀ ਕਈ ਮੋਬਾਈਲ ਐਪ ਜਾਰੀ ਕੀਤੀਆਂ ਗਈਆਂ ਹਨ ਉੱਥੇ ਹੀ ਵੋਟਰ ਕਤਾਰ ਸੂਚਨਾ ਪ੍ਰਣਾਲੀ (Voter Queue Information System) ਵੀ ਲਾਂਚ ਕੀਤਾ ਗਿਆ ਹੈ ਜਿੱਥੇ 1 ਜੂਨ ਵਾਲੇ ਦਿਨ ਵੋਟਰ ਆਪਣੇ ਪੋਲਿੰਗ ਸਟੇਸ਼ਨ ਤੇ ਲੱਗੀਆਂ ਵੋਟਰਾਂ ਦੀਆਂ ਲਾਈਨਾਂ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹਨ ਇਸ ਤੋਂ ਇਲਾਵਾ ਵਟਸਐਪ ਨੰਬਰ 7447447217 ਰਾਹੀਂ ਵੀ ਇਹ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।