ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ 2 ਸਾਲ ਹੋ ਗਏ ਹਨ। ਅੱਜ ਮੂਸੇਵਾਲਾ ਦੀ ਦੂਜੀ ਬਰਸੀ ਮੌਕੇ ਪਿੰਡ ਮੂਸੇ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਮੂਸੇਵਾਲਾ ਦੀ ਸਮਾਧ ‘ਤੇ ਪੁੱਜੇ, ਜਿੱਥੇ ਉਨ੍ਹਾਂ ਸਿੱਧੂ ਮੂਸੇਵਾਲਾ ਦੇ ਬੁੱਤ ‘ਤੇ ਫੁੱਲਮਾਲਾਵਾਂ ਚੜ੍ਹਾਈਆਂ। ਇਸ ਦੌਰਾਨ ਬਾਪੂ ਬਲਕੌਰ ਸਿੰਘ ਨੇ ਸਿੱਧੂ ਦੇ ਬੁੱਤ ਨੂੰ ਜੱਫੀ ਪਾਈ ਅਤੇ ਹੰਝੂ ਭਰੀਆਂ ਅੱਖਾਂ ਨਾਲ ਉਸ ਨੂੰ ਯਾਦ ਕੀਤਾ।
ਮੂਸੇਵਾਲਾ ਦੀ ਦੂਜੀ ਬਰਸੀ ਮੌਕੇ ਪਰਿਵਾਰ ਅਤੇ ਸਨੇਹੀ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਪਰ ਚੋਣਾਂ ਦੇ ਮੱਦੇਨਜ਼ਰ ਇਸ ਸਾਲ ਪਿੰਡ ਪੱਧਰ ’ਤੇ ਪ੍ਰੋਗਰਾਮ ਉਲੀਕਿਆ ਗਿਆ ਹੈ, ਬਾਪੂ ਬਲਕੌਰ ਨੇ ਕਿਹਾ ਕਿ ਪਰਿਵਾਰ ਨਹੀਂ ਚਾਹੁੰਦਾ ਕਿ ਕੋਈ ਇਸ ਪ੍ਰੋਗਰਾਮ ਨੂੰ ਰੈਲੀ ਵਿੱਚ ਬਦਲੇ। ਪਰ ਪ੍ਰੇਮੀਆਂ ਲਈ ਕੋਈ ਪਾਬੰਦੀ ਨਹੀਂ ਹੈ। ਇਸ ਦੌਰਾਨ ਅੱਜ ਵੱਡੀ ਗਿਣਤੀ ‘ਚ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਨੇ ਪਿੰਡ ‘ਚ ਸਥਿਤ ਸਮਾਧ ‘ਤੇ ਪਹੁੰਚ ਕੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕੀਤੀ। ਪਿੰਡ ਦੇ ਹੋਰ ਲੋਕਾਂ ਨੇ ਵੀ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਨ।
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ਮੌਕੇ ਰਾਣਾ ਗੁਰਜੀਤ ਵੱਲੋਂ ਵੀ ਸ਼ਰਧਾਂਜਲੀ ਭੇਟ ਕੀਤੀ ਗਈ। ਉਨ੍ਹਾਂ ਨੇ ਪੋਸਟ ਸਾਂਝੀ ਕਰਕੇ ਲਿਖਿਆ ਕਿ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੱਜ ਦੂਸਰੀ ਬਰਸੀ ਮੌਕੇ ਮੈਂ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕਰਦਾ ਹਾਂ। ਸਿੱਧੂ ਮੂਸੇਵਾਲਾ ਨੇ ਆਪਣੀ ਮਿਹਨਤ ਤੇ ਲਗਨ ਨਾਲ ਆਪਣੇ ਮਾਤਾ ਪਿਤਾ ਤੋਂ ਇਲਾਵਾ ਪੂਰੇ ਪੰਜਾਬ ਦਾ ਵੀ ਨਾਮ ਦੁਨੀਆਂ ਭਰ ‘ਚ ਰੌਸ਼ਨ ਕੀਤਾ। ਪ੍ਰਮਾਤਮਾ ਉਨ੍ਹਾਂ ਦੇ ਪਰਿਵਾਰ ਨੂੰ ਜਲਦੀ ਇਨਸਾਫ਼ ਦਿਵਾਵੇ।
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸਿੱਧੂ ਨੂੰ ਯਾਦ ਕਰਕੇ ਭਾਵੁਕ ਪੋਸਟ ਸਾਂਝੀ ਕੀਤੀ। ਉਨ੍ਹਾਂ ਲਿਖਿਆ ਕਿ ਅੱਖੀਆਂ ਚੋਂ ਵੱਗਦੇ ਹੰਝੂਆਂ ਨੂੰ ਕਦੇ ਠੱਲਿਆ ਨਹੀਂ ਜਾਂਦਾ, ਚੜ੍ਹੀ ਜਵਾਨੀ ਵਿਛੜੇ ਵੀਰਾਂ ਦਾ ਦੁੱਖ ਝੱਲਿਆ ਨਹੀਂ ਜਾਂਦਾ, ਮਿਸ ਯੂ ਯਾਰਾ… ਤੂੰ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੇਂਗਾ।