ਸੁਨਾਮ : ਸੁਨਾਮ ਸ਼ਹਿਰ ਸਮੇਤ ਇਲਾਕੇ ਅੰਦਰ ਵਾਪਰ ਰਹੀਆਂ ਲੁੱਟ ਖੋਹ ਦੀਆਂ ਘਟਨਾਵਾਂ ਤੇ ਗੰਭੀਰ ਚਿੰਤਾ ਜ਼ਾਹਿਰ ਕਰਦਿਆਂ ਕਮਿਊਨਿਸਟ ਆਗੂਆਂ ਨੇ ਡੀਐਸਪੀ ਦਫ਼ਤਰ ਸੁਨਾਮ ਵਿਖੇ ਮੰਗ ਦੇਕੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ (ਸੀਟੂ) ਦੇ ਜ਼ਿਲ੍ਹਾ ਕਨਵੀਨਰ ਕਾਮਰੇਡ ਵਰਿੰਦਰ ਕੌਸ਼ਿਕ, ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਜਰਨੈਲ ਸਿੰਘ ਜਨਾਲ, ਐਡਵੋਕੇਟ ਮਿੱਤ ਸਿੰਘ ਜਨਾਲ, ਲਖਵਿੰਦਰ ਸਿੰਘ ਚਹਿਲ, ਸਤਵੀਰ ਸਿੰਘ ਤੁੰਗਾਂ ਅਤੇ ਨਿਰਮਲ ਸਿੰਘ ਸੁਨਾਮ ਨੇ ਡੀਐਸਪੀ ਦਫ਼ਤਰ ਸੁਨਾਮ ਵਿਖੇ ਦਿੱਤੇ ਮੰਗ ਪੱਤਰ ਵਿੱਚ ਕਿਹਾ ਕਿ ਸੁਨਾਮ ਸ਼ਹਿਰ ਅਤੇ ਇਲਾਕੇ ਅੰਦਰ ਲੁੱਟ ਖੋਹ, ਚੋਰੀਆਂ ਅਤੇ ਝਪਟਮਾਰੀ ਦੀਆਂ ਵਾਪਰ ਰਹੀਆਂ ਘਟਨਾਵਾਂ ਕਾਰਨ ਲੋਕ ਸਹਿਮ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿੱਚ ਵਾਪਰੀਆਂ ਘਟਨਾਵਾਂ ਦੀ ਸੂਹ ਲਾਉਣ ਵਿੱਚ ਵੀ ਪੁਲਿਸ ਨਾਕਾਮ ਰਹੀ ਹੈ। ਕਮਿਊਨਿਸਟ ਆਗੂਆਂ ਨੇ ਦਿੱਤੇ ਮੰਗ ਪੱਤਰ ਵਿੱਚ ਕਿਹਾ ਕਿ ਪੁਲਿਸ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਯਤਨ ਕਰੇ ਤਾਂ ਜੋ ਇਲਾਕੇ ਦੇ ਲੋਕ ਸੁਖੀ ਜੀਵਨ ਬਤੀਤ ਕਰ ਸਕਣ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਉਕਤ ਅਤੀ ਗੰਭੀਰ ਮਾਮਲੇ ਵਿੱਚ ਧਿਆਨ ਨਹੀਂ ਦਿੱਤਾ ਤਾਂ ਕਿਸਾਨ ਮਜ਼ਦੂਰ ਜਥੇਬੰਦੀਆਂ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੀਆਂ।