ਮਾਲੇਰਕੋਟਲਾ : ਸਰਕਾਰੀ ਆਯੂਰਵੈਦਿਕ ਡਿਸਪੈਂਸਰੀ ਪਿੰਡ ਧਨੋਂ ਵਿਖੇ ਇੱਕ ਵਿਸ਼ਾਲ ਮੁਫਤ ਆਯੂਰਵੈਦਿਕ ਅਤੇ ਯੂਨਾਨੀ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ। ਯੂਨਾਨੀ ਮੈਡੀਕਲ ਅਫ਼ਸਰ ਪਿੰਡ ਧਨੋਂ ਡਾਕਟਰ ਮੁਹੰਮਦ ਰਫ਼ੀਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਦਾ ਮਕਸਦ ਲੋਕਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨਾ ਅਤੇ ਇਕ ਤੰਦਰੁਸਤ ਸਮਾਜ ਸਿਰਜਣਾ ਹੈ। ਉਨ੍ਹਾ ਕਿਹਾ ਕਿ ਇਸ ਕੈਂਪ ਵਿੱਚ 200 ਤੋਂ ਵੱਧ ਮਰੀਜ਼ਾਂ ਦਾ ਸਫ਼ਲਤਾਪੂਰਵਕ ਚੈੱਕਅੱਪ ਕੀਤਾ ਗਿਆ ਅਤੇ ਮੁਫ਼ਤ ਦਵਾਈਆਂ ਦੇਣ ਦੇ ਨਾਲ ਨਾਲ ਸ਼ੂਗਰ ਦਾ ਟੈਸਟ ਵੀ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਡਾਕਟਰ ਰਮਨ ਖੰਨਾ ਨੇ ਕਿਹਾ ਕਿ ਸਾਡਾ ਮਕਸਦ ਲੋਕਾਂ ਦੀ ਰੋਜ਼ਾਨਾ ਦੀ ਜੀਵਨਸ਼ੈਲੀ ਵਿੱਚ ਸੁਧਾਰ ਕਰਦੇ ਹੋਏ ਬਿਮਾਰੀਆਂ ਤੋਂ ਬਚਾਉਂਣਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਕੈਂਪ ਲਗਾਏ ਜਾਂਦੇ ਰਹਿਣਗੇ। ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਪੀ.ਸੀ.ਐੱਸ ਸ਼ਮਸ਼ਾਦ ਅਲੀ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕੈਂਪ ਦੀ ਸ਼ਲਾਘਾ ਕੀਤੀ। ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਡਾਕਟਰ ਰਮਨ ਖੰਨਾ ਅਤੇ ਸੁਪਰੀਟੈਂਡੈਟ ਡਾਕਟਰ ਰਾਕੇਸ਼ ਸ਼ਰਮਾ ਵੱਲੋਂ ਭੇਜੀ ਗਈ ਡਾਕਟਰਾਂ ਦੀ ਟੀਮ ਯੂਨਾਨੀ ਮੈਡੀਕਲ ਅਫ਼ਸਰ ਡਾਕਟਰ ਮੁਹੰਮਦ ਅਕਮਲ, ਡਾਕਟਰ ਅਬਦੁਰ ਰਸ਼ੀਦ, ਡਾਕਟਰ ਫ਼ਰਹਾ, ਡਾਕਟਰ ਸ਼ਾਹਿਦ ਖ਼ਾਨ ਨੇ ਮਰੀਜ਼ਾਂ ਦਾ ਚੈੱਕਅੱਪ ਕੀਤਾ ਅਤੇ ਰੋਜ਼ਾਨਾ ਜੀਵਨਸ਼ੈਲੀ ਬਾਰੇ ਜਾਗਰੂਕ ਵੀ ਕੀਤਾ। ਉਪਵੈਦ ਰਾਜਵਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਮਰੀਜ਼ਾਂ ਨੂੰ ਦਵਾਈਆਂ ਵੰਡਣ ਦੀ ਭੂਮਿਕਾ ਨਿਭਾਉਣ ਦੇ ਨਾਲ ਨਾਲ ਚੰਗੀ ਖੁਰਾਕ ਬਾਰੇ ਵੀ ਜਾਣਕਾਰੀ ਦਿੱਤੀ। ਕੈਂਪ ਵਿੱਚ ਸੀਐੱਚਓ ਕਰਮਜੀਤ ਕੌਰ, ਹੈਲਥ ਵਰਕਰ ਮਨਦੀਪ ਸਿੰਘ ਅਤੇ ਨਸੀਮ ਅਖ਼ਤਰੀ ਨੇ ਵਿਸ਼ੇਸ਼ ਯੋਗਦਾਨ ਪਾਇਆ। ਇਸ ਕੈਂਪ ਵਿੱਚ ਵਾਲੀ ਕਲੱਬ ਮਾਲੇਰਕੋਟਲਾ ਵੱਲੋਂ ਸਹਿਯੋਗ ਦਿੰਦਿਆਂ ਆਏ ਹੋਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪਿੰਡ ਦੇ ਸਰਪੰਚ, ਸਮੂਹ ਗ੍ਰਾਮ ਪੰਚਾਇਤ, ਅਤੇ ਪਿੰਡਾਂ ਦੇ ਲੋਕਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ।