ਅਟਾਰੀ : ਭਾਰਤ ਅਤੇ ਪਾਕਿਸਤਾਨ ਵਿਚਾਲੇ ਰੀਟਰੀਟ ਸਮਾਰੋਹ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਅਟਾਰੀ ਵਾਹਘਾ ਸਰਹੱਦ ’ਤੇ ਰਿਟਰੀਟ ਸੈਰੇਮਨੀ ਦਾ ਸਮਾਂ ਬਦਲ ਦਿੱਤਾ ਗਿਆ ਹੈ। ਵੱਧ ਰਹੀ ਗਰਮੀ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਕਿਉਂਕਿ ਅਟਾਰੀ ਵਾਹਘਾ ਸਰਹੱਦ ’ਤੇ ਰਿਟਰੀਟ ਸੈਰੇਮਨੀ ਨੂੰ ਵੇਖਣ ਵੱਡੀ ਗਿਣਤੀ ’ਚ ਲੋਕ ਪਹੁੰਚਦੇ ਹਨ।
ਇਸ ਸਬੰਧੀ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਆਦਾ ਗਰਮੀ ਦੇ ਕਾਰਨ ਰਿਟਰੀਟ ਸੈਰੇਮਨੀ ਦਾ ਸਮਾਂ ਸ਼ਾਮ 6:30 ਵਜੇ ਕਰ ਦਿੱਤਾ ਗਿਆ ਹੈ। ਪਹਿਲਾਂ ਇਹ ਸਮਾਂ ਸ਼ਾਮ 6:00 ਵਜੇ ਸੀ, ਜਿਸ ਵਿੱਚ ਤਬਦੀਲੀ ਕਰਦੇ ਹੋਏ ਹੁਣ ਇਹ ਸਮਾਂ ਸਾਢੇ ਛੇ ਵਜੇ ਤੱਕ ਕਰ ਦਿੱਤਾ ਗਿਆ ਹੈ। ਜ਼ਿਆਦਾ ਤੇਜ਼ ਗਰਮੀ ਹੋਣ ਕਰਕੇ ਸੈਲਾਨੀਆਂ ਨੂੰ ਵਾਹਘਾ ਬਾਰਡਰ ’ਤੇ ਪਹੁੰਚਣ ’ਚ ਦਿੱਕਤ ਹੁੰਦੀ ਸੀ ਅਤੇ ਰਿਟਰੀਟ ਸੈਰੇਮਨੀ ਵੇਖਣ ਲਈ ਉੱਥੇ ਬੈਠਣ ਦੇ ਸਮੇਂ ਵੀ ਕਾਫੀ ਗਰਮੀ ਹੁੰਦੀ ਸੀ ਜਿਸ ਕਾਰਨ ਸਮੇਂ ’ਚ ਤਬਦੀਲੀ ਕੀਤੀ ਗਈ ਹੈ।