ਮਾਲੇਰਕੋਟਲਾ : ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਮਾਲੇਰਕੋਟਲਾ ਦੇ ਕਾਰਜਕਾਰੀ ਮੈਂਬਰਾਂ ਦੀ ਮਹੀਨਾਵਾਰੀ ਮੀਟਿੰਗ ਸ. ਜਰਨੈਲ ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਮੰਡਲ ਮਾਲੇਰਕੋਟਲਾ ਦੇ ਅਧੀਨ ਸੇਵਾ-ਮੁਕਤ ਪੈਨਸ਼ਨਰਜ਼ ਦੇ ਤਿੰਨ-ਚਾਰ ਸਾਲਾਂ ਤੋਂ ਪੈਂਡਿੰਗ ਕੰਮ ਅੱਜ ਤੱਕ ਲਮਕ ਅਵਸਥਾ ਵਿੱਚ ਹਨ, ਜਿਵੇਂ ਕਿ 23/19 ਸਕਰੂਲਰ ਅਨੁਸਾਰ ਬਣਦੇ ਲਗਭਗ 23 ਕੇਸਾਂ ਦਾ ਨਿਪਟਾਰਾ 5 ਸਾਲ ਬੀਤ ਜਾਣ ਤੱਕ ਨਹੀਂ ਹੋ ਸਕਿਆ। ਇਸੇ ਤਰ੍ਹਾਂ ਸਰਕੂਲਰ 19/21 ਜੋ ਕਿ ਮਿਤੀ 01-01-2016 ਤੋਂ ਲਾਗੂ ਹੋਏ 35 ਕੇਸ ਪੈਂਡਿੰਗ ਹਨ, ਜਿਨ੍ਹਾਂ ਦੇ 3 ਸਾਲ ਬੀਤ ਜਾਣ ਤੱਕ ਮੰਡਲ ਦਫ਼ਤਰ ਮਾਲੇਰਕੋਟਲਾ ਵੱਲੋਂ ਨਿਪਟਾਰਾ ਨਹੀਂ ਕੀਤਾ ਗਿਆ। ਮੀਟਿੰਗ ਵਿੱਚ ਸਰਵਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਜੇਕਰ 8 ਜੁਲਾਈ ਤੱਕ ਇਨ੍ਹਾਂ ਮੰਗਾਂ ਦੇ ਨਿਪਟਾਰੇ ਲਈ ਜੱਥੇਬੰਦੀ ਨੂੰ ਮੀਟਿੰਗ ਨਾ ਦਿੱਤੀ ਗਈ ਤਾਂ 8 ਜੁਲਾਈ ਨੂੰ ਸੀਨੀਅਰ ਕਾਰਜਕਾਰੀ ਇੰਜੀਨੀਅਰ ਮੰਡਲ ਮਾਲੇਰਕੋਟਲਾ ਦੇ ਵਿਰੁੱਧ ਧਰਨਾ ਦਿੱਤਾ ਜਾਵੇਗਾ। ਜਿਸ ਦੀ ਸਾਰੀ ਜ਼ਿੰਮੇਵਾਰੀ ਸੀਨੀਅਰ ਕਾਰਜਕਾਰੀ ਇੰਜੀਨੀਅਰ ਮੰਡਲ ਮਾਲੇਰਕੋਟਲਾ ਦੀ ਹੋਵੇਗੀ। ਪੰਜਾਬ ਸਰਕਾਰ ਨੇ ਲੋਕ ਸਭਾ ਦੀ ਚੋਣਾਂ ਦੇ ਨਤੀਜਿਆਂ ਤੋਂ ਕੋਈ ਸਬਕ ਨਹੀਂ ਸਿੱਖਿਆ। ਸਰਕਾਰ ਨੇ ਪੈਨਸ਼ਨਰਾਂ ਦੀਆਂ ਮੰਗਾਂ ਹੱਲ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸ ਕਰਕੇ ਮੁਲਾਜ਼ਮ ਅਤੇ ਪੈਨਸ਼ਨਰ ਫਰੰਟ ਵੱਲੋਂ ਜਲੰਧਰ ਦੀ ਹੋ ਰਹੀ ਜਿਮਨੀ ਚੋਣ ਸਮੇਂ 6 ਜੁਲਾਈ ਨੂੰ ਝੰਡਾ ਮਾਰਚ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਮਾਰਚ ਵਿੱਚ ਇਸ ਮੰਡਲ ਦੇ ਸਾਥੀ ਵਧ ਚੜ੍ਹ ਕੇ ਭਾਗ ਲੈਣਗੇ। ਅੱਜ ਦੀ ਮੀਟਿੰਗ ਵਿੱਚ ਸਰਵ ਸਾਥੀ ਪਿਆਰਾ ਲਾਲ ਸਰਕਲ ਪ੍ਰਧਾਨ, ਪਰਮਜੀਤ ਸ਼ਰਮਾ, ਬਸ਼ੀਰ ਉਲ ਹੱਕ, ਕਰਨੈਲ ਸਿੰਘ ਭੱਟੀਆਂ, ਵੀ.ਕੇ. ਪੈਕਾ, ਸੋਢੀ ਸਿੰਘ, ਬਲਦੇਵ ਸਿੰਘ, ਮਿਰਜਾ ਸਿੰਘ, ਅਨਵਰ ਅਹਿਮਦ, ਹਰਮਿੰਦਰ ਭਾਰਦਵਾਜ, ਬਲਵੀਰ ਸਿੰਘ, ਹਰਬੰਸ ਲਾਲ ਆਦਿ ਮੈਂਬਰ ਹਾਜ਼ਰ ਹੋਏ। ਪ੍ਰੈਸ ਨੂੰ ਇਹ ਜਾਣਕਾਰੀ ਕਰਨੈਲ ਸਿੰਘ ਭੱਟੀਆਂ, ਪ੍ਰੈਸ ਸਕੱਤਰ, ਪੈਨਸ਼ਨਰਜ਼ ਐਸੋਸੀਏਸ਼ਨ, ਮੰਡਲ ਮਾਲੇਰਕੋਟਲਾ ਵੱਲੋਂ ਜਾਰੀ ਕੀਤੀ ਗਈ।