ਸਰਕਾਰੀ ਥਾਵਾਂ ਤੇ ਬੂਟੇ ਲਗਾਉਣ ਲਈ ਸਮੂਹ ਵਿਭਾਗਾਂ ਤੋਂ ਸੋਮਵਾਰ ਤੱਕ ਮੰਗੀ ਗਈ ਤਜ਼ਵੀਜ਼
ਮਨਰੇਗਾ ਅਧੀਨ 200 ਬੂਟਿਆਂ ਦੀ ਦੇਖ-ਭਾਲ ਲਈ ਲਗਾਇਆ ਜਾ ਸਕਦਾ ਇੱਕ ਵਣ ਮਿੱਤਰ
ਬਰਸਾਤੀ ਪਾਣੀ ਦੀ ਨਿਕਾਸੀ ਲਈ ਕਾਰਜ ਸਾਧਕ ਅਫਸਰਾਂ ਨੂੰ ਬਰਸਾਤੀ ਮੌਸਮ ਤੋਂ ਪਹਿਲਾਂ ਸਾਫ ਸਫਾਈ ਕਰਵਾਉਣ ਦੇ ਆਦੇਸ਼
ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਵਿੱਚ ਬੂਟੇ ਲਗਾਉਣ ਸਬੰਧੀ ਕੀਤੀ ਗਈ ਮੀਟਿੰਗ
ਫ਼ਤਹਿਗੜ੍ਹ ਸਾਹਿਬ : ਜ਼ਿਲ੍ਹੇ ਦੇ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਅਤੇ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਠੱਲ ਪਾਉਣ ਦੇ ਮੰਤਵ ਨਾਲ ਆਉਂਦੇ ਬਰਸਾਤੀ ਸੀਜ਼ਨ ਦੌਰਾਨ ਜ਼ਿਲ੍ਹੇ ਭਰ ਵਿੱਚ 2.50 ਲੱਖ ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ ਇਸ ਲਈ ਸਮੂਹ ਵਿਭਾਗਾਂ ਦੇ ਅਧਿਕਾਰੀ ਸੋਮਵਾਰ ਤੱਕ ਬੂਟੇ ਲਗਾਉਣ ਸਬੰਧੀ ਆਪਣੀ ਤਜ਼ਵੀਜ ਬਣਾ ਕੇ ਭੇਜਣ ਨੂੰ ਯਕੀਨੀ ਬਣਾਉਣ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਵਿੱਚ ਬੂਟੇ ਲਗਾਉਣ ਸਬੰਧੀ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ੍ਹਾਂ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਨੂੰ ਹਦਾਇਤ ਕੀਤੀ ਕਿ ਬਰਸਾਤੀ ਪਾਣੀ ਨੂੰ ਧਰਤੀ ਹੇਠ ਰੀਚਾਰਜ਼ ਕਰਨ ਵਾਸਤੇ ਮਨਰੇਗਾ ਅਧੀਨ ਵੱਧ ਤੋਂ ਵੱਧ " ਰੇਨ ਵਾਟਰ ਹਾਰਵੈਸਟਰ ਸਿਸਟਮ" ਲਗਾਏ ਜਾਣ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਠੱਲ ਪਾਈ ਜਾ ਸਕੇ। ਡਿਪਟੀ ਕਮਿਸ਼ਨਰ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਅੰਦਰ ਪੈਂਦੀਆਂ ਦੀਆਂ ਨਹਿਰਾਂ ਤੇ ਸੂਇਆਂ ਦੇ ਕੰਢਿਆਂ ਤੇ ਬੂਟੇ ਲਗਾਉਣ ਲਈ ਜਗ੍ਹਾਂ ਦੀ ਸ਼ਨਾਖਤ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਪੈਂਦੀਆਂ ਪ੍ਰਮੁੱਖ ਸੜਕਾਂ ਤੇ ਹੋਰ ਸੰਪਰਕ ਸੜਕਾਂ ਤੇ ਬੂਟੇ ਲਗਾਏ ਜਾਣ ਅਤੇ ਸਿੱਖਿਆ ਵਿਭਾਗ ਰਾਹੀਂ ਸਕੂਲਾਂ ਅੰਦਰ ਵੱਧ ਤੋਂ ਵੱਧ ਬੂਟੇ ਲਗਾਏ ਜਾਣਗੇ ਤਾਂ ਜੋ ਸਕੂਲਾਂ ਅੰਦਰ ਪੜ੍ਹਨ ਆਉਂਦੇ ਬੱਚਿਆਂ ਨੂੰ ਸਵੱਛ ਵਾਤਾਵਰਣ ਮੁਹੱਈਆ ਹੋ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਪਿੰਡਾਂ ਦੀਆਂ ਖਾਲੀ ਪਈਆਂ ਪੰਚਾਇਤੀ ਜ਼ਮੀਨਾਂ, ਖੇਡ ਮੈਦਾਨਾਂ ਅੰਦਰ ਵੀ ਬੂਟੇ ਲਗਾਏ ਜਾਣਗੇ।
ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਸਮੂਹ ਕਾਰਜ ਸਾਧਕ ਅਫਸਰਾਂ ਨੂੰ ਹਦਾਇਤ ਕੀਤੀ ਕਿ ਬਰਸਾਤੀ ਪਾਣੀ ਦੀ ਨਿਕਾਸੀ ਲਈ ਜ਼ਿਲ੍ਹੇ ਅੰਦਰ ਪੈਂਦੇ ਸਮੂਹ ਨਾਲਿਆਂ ਦੀ ਸਾਫ ਸਫਾਈ ਯਕੀਨੀ ਬਣਾਈ ਜਾਵੇ ਤਾਂ ਜੋ ਬਰਸਾਤੀ ਪਾਣੀ ਦੀ ਨਿਕਾਸੀ ਵਿੱਚ ਕਿਸੇ ਕਿਸਮ ਦਾ ਕੋਈ ਵਿਘਨ ਨਾ ਪਵੇ। ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਬੂਟੇ ਲਗਾਉਣ ਲਈ ਜਾਗਰੂਕ ਕੀਤਾ ਜਾਵੇ ਤਾਂ ਜੋ ਜ਼ਿਲ੍ਹੇ ਅੰਦਰ ਵੱਧ ਤੋਂ ਵੱਧ ਬੂਟੇ ਲਗਾਏ ਜਾ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਬੂਟੇ ਲਗਾਉਣ ਦੀ ਮੁਹਿੰਮ ਵਿੱਚ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਵੀ ਲਿਆ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਨਰੇਗਾ ਸਕੀਮ ਅਧੀਨ 200 ਬੂਟਿਆਂ ਦੀ ਸਾਂਭ ਸੰਭਾਲ ਲਈ ਇੱਕ ਵਣ ਮਿੱਤਰ ਲਗਾਇਆ ਜਾ ਸਕਦਾ ਹੈ ਜੋ ਕਿ ਬੂਟਿਆਂ ਦੀ ਦੇਖ-ਭਾਲ ਅਤੇ ਪਾਣੀ ਆਦਿ ਦੇਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅੱਜ ਵਾਤਾਵਰਣ ਅੰਦਰ ਵੱਡੀ ਪੱਧਰ ਤੇ ਤਬਦੀਲੀ ਆ ਰਹੀ ਹੈ ਤਾਂ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਵੱਧ ਤੋਂ ਵੱਧ ਬੂਟੇ ਲਗਾਕੇ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਏ ਤਾਂ ਜ਼ੋ ਸਾਡਾ ਜ਼ਿਲ੍ਹਾ ਹਰਿਆ-ਭਰਿਆ ਤੇ ਸਵੱਛ ਬਣਿਆ ਰਹੇ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸੁਰਿੰਦਰ ਸਿੰਘ ਧਾਲੀਵਾਲ ਤੋਂ ਇਲਾਵਾ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਕਾਰਜ ਸਾਧਕ ਅਫਸਰ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।