ਬਠਿੰਡਾ : ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਚਰਨਜੀਤ ਸੰਧੂ ਦਾ ਅਚਾਨਕ ਦੇਹਾਂਤ ਹੋ ਗਿਆ ਹੈ। ਉਹ ਬੀਤੇ ਕੁੱਝ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ। ਉਨ੍ਹਾਂ ਦੀ ਅਚਾਨਕ ਮੌਤ ਪੰਜਾਬੀ ਸਿਨੇਮਾ ਜਗਤ ਵਿੱਚ ਨਾ ਪੂਰਾ ਹੋਣ ਵਾਲਾ ਘਾਟਾ ਹੈ। ਬਠਿੰਡੇ ਦੇ ਜੰਮਪਲ ਚਰਨਜੀਤ ਸੰਧੂ ਰੰਗ-ਮੰਚ ਨਾਲ ਜੁੜੇ ਹੋਏ ਸੀ। ਅਦਾਕਾਰ ਚਰਨਜੀਤ ਨੇ ਟੋਨੀ ਬਾਤਿਸ਼ ਤੋਂ ਨਾਟਕੀ ਪੇਸ਼ਕਾਰੀ ਦੇ ਗੁਰ ਸਿੱਖੇ ਅਤੇ ਬਹੁਤ ਸਾਰੇ ਨਾਟਕਾਂ ਵਿਚ ਕੰਮ ਕੀਤਾ। ਇੱਕ ਵਧੀਆ ਅਦਾਕਾਰ ਹੋਣ ਦੇ ਨਾਲ ਨਾਲ ਉਨ੍ਹਾਂ ਨੇ ਰੇਡੀਓ ‘ਤੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਸਨ। ਇੰਗਲੈਂਡ ਵਿਚ ਵੱਖ ਵੱਖ ਰੇਡੀਓ, ਟੀ. ਵੀ. ਪ੍ਰੋਗਰਾਮ ਕਰਕੇ ਪੰਜਾਬੀ ਸਰੋਤਿਆਂ ਅਤੇ ਦਰਸ਼ਕਾਂ ਦੇ ਦਿਲਾਂ ਵਿਚ ਥਾਂ ਬਣਾਈ। ਚਰਨਜੀਤ ਸੰਧੂ ਨੇ ਫਿਲਮਾਂ ਬਣਾਉਣ ਤੋਂ ਇਲਾਵਾ ਕਈ ਹਿੱਟ ਪੰਜਾਬੀ ਫਿਲਮਾਂ ਵਿੱਚ ਕੰਮ ਵੀ ਕੀਤਾ। ਜਿਸ ਵਿਚ ਪੰਜਾਬ ਸਿੰਘ, ਜ਼ੋਰਾ ਦੱਸ ਨੰਬਰੀਆ, ਦੁੱਲਾ ਵੈਲੀ, ਅੰਗਰੇਜ਼ ਆਦਿ ਸ਼ਾਮਲ ਹਨ।
ਚਰਨਜੀਤ ਸੰਧੂ ਮਸ਼ਹੂਰ ਕਾਮੇਡੀਅਨ ਗੁਰਚੇਤ ਚਿੱਤਰਕਾਰ ਨਾਲ ਅਨੇਕਾਂ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ। ਉਹ ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਫ਼ਿਲਮ ਇੰਡਸਟਰੀ ‘ਚ ਸਰਗਰਮ ਰਹੇ ਸਨ। ਉਨ੍ਹਾਂ ਨੇ ‘ਬਦਲਾ ਜੱਟੀ ਦਾ’, ‘ਕਠਪੁੱਤਲੀ’, ‘ਕੀ ਬਣੂੰ ਦੁਨੀਆ ਦਾ’, ‘ਤੂਫਾਨ ਸਿੰਘ’, ‘ਅੰਗਰੇਜ਼’ ਸਣੇ ਕਈ ਵੱਡੇ ਪੱਧਰ ਦੀਆਂ ਫ਼ਿਲਮਾਂ ‘ਚ ਕੰਮ ਕੀਤਾ ਸੀ।