ਭਾਰਤੀ ਫਾਰਮਾ ਉਦਯੋਗ ਦਾ ਦੁਨੀਆਂ ਭਰ ’ਚ ਅਹਿਮ ਯੋਗਦਾਨ , ਦੁਨੀਆ ਦੇ ਮਰੀਜ਼ਾਂ ਦੁਆਰਾ ਵਰਤੀ ਜਾਂਦੀ ਦਵਾਈ ਦੀ ਹਰ 5ਵੀਂ ਗੋਲੀ ਭਾਰਤ ਵਿੱਚ ਬਣਾਈ ਜਾਂਦੀ ਹੈ: ਡਾ ਬਲਬੀਰ ਸਿੰਘ
ਉੱਤਰੀ ਸੂਬਿਆਂ ਦੇ 75 ਡਰੱਗ ਕੰਟਰੋਲ ਅਫਸਰਾਂ ਲਈ ਡਰੱਗਜ਼ ਰੈਗੂਲੇਟਰਾਂ ਦੀ ਸਮਰੱਥਾ ਵਧਾਉਣ ਹਿੱਤ ਕਰਵਾਇਆ ਜਾ ਰਿਹਾ ਹੈ ਤਿੰਨ ਦਿਨਾਂ ਸਿਖਲਾਈ ਪ੍ਰੋਗਰਾਮ
ਚੰਡੀਗੜ੍ਹ : ਦੇਸ਼ ਦੇ ਲੱਖਾਂ ਲੋਕਾਂ ਲਈ ਸਸਤੀਆਂ ਤੇ ਮਿਆਰੀ ਦਵਾਈਆਂ ਮੁਹੱਈਆ ਕਰਾਉਣ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਸੋਮਵਾਰ ਨੂੰ ਵੱਖ-ਵੱਖ ਬ੍ਰਾਂਡਾਂ ਹੇਠ ਉਪਲਬਧ ਦਵਾਈਆਂ, ਜਿਨ੍ਹਾਂ ਦੇ ਸਾਲਟ ਇੱਕੋ ਜਿਹੇ ਹਨ, ਦੀਆਂ ਕੀਮਤਾਂ ਵਿੱਚ ਅਸਮਾਨਤਾਵਾਂ ਦਾ ਮੁੱਦਾ ਉਠਾਇਆ। ਸਿਹਤ ਮੰਤਰੀ, ਇੱਥੇ ਹੋਟਲ ਪਾਰਕ ਵਿਊ ਵਿਖੇ ਕੇਂਦਰੀ ਡਰੱਗ ਸਟੈਂਡਰਡਜ਼ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ), ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਅਤੇ ਫੂਡ ਐਂਡ ਡਰੱਗਜ਼ ਐਡਮਿਨਿਸਟਰੇਸ਼ਨ, ਪੰਜਾਬ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ‘ ਉੱਤਰੀ ਰਾਜਾਂ ਦੇ ਡਰੱਗ ਰੈਗੂਲੇਟਰਾਂ ਦੀ ਸਮਰੱਥਾ ਨਿਰਮਾਣ’ ਵਿਸ਼ੇ ’ਤੇ ਅਧਾਰਤ ਤਿੰਨ ਦਿਨਾਂ ਚੌਥੇ ਖੇਤਰੀ ਸਿਖਲਾਈ ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਜੁਆਇੰਟ ਡਰੱਗਜ਼ ਕੰਟਰੋਲਰ (ਭਾਰਤ) ਡਾ: ਐਸ. ਈਸਵਰਾ ਰੈਡੀ, ਸਕੱਤਰ ਸਿਹਤ-ਕਮ-ਕਮਿਸ਼ਨਰ ਫੂਡ ਐਂਡ ਡਰੱਗਜ਼ ਐਡਮਿਨਿਸਟਰੇਸ਼ਨ ਪੰਜਾਬ ਡਾ: ਅਭਿਨਵ ਤ੍ਰਿਖਾ ਅਤੇ ਸੰਯੁਕਤ ਕਮਿਸ਼ਨਰ (ਡਰੱਗਜ਼) ਪੰਜਾਬ ਸੰਜੀਵ ਕੁਮਾਰ ਵੀ ਹਾਜ਼ਰ ਸਨ।
ਡਾ.ਬਲਬੀਰ ਸਿੰਘ ਨੇ ਸਾਰੀਆਂ ਦਵਾਈਆਂ ਦੀਆਂ ਕੀਮਤਾਂ ਵਿੱਚ ਬਰਾਬਰਤਾ ਲਿਆਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਨ੍ਹਾਂ ਮੁੱਦਿਆਂ ਵੱਲ ਕੇਂਦਰ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ, “ਮੈਂ ਪਹਿਲਾਂ ਹੀ ਇਹ ਮੁੱਦਾ ਕੇਂਦਰੀ ਸਿਹਤ ਮੰਤਰੀ ਕੋਲ ਉਠਾ ਚੁੱਕਿਆ ਹਾਂ,”। ਸਿਹਤ ਮੰਤਰੀ ਨੇ ਬਜ਼ਾਰ ਵਿੱਚ ਉਪਲਬਧ ਦਵਾਈਆਂ ਦੀ ਗੁਣਵੱਤਾ ਬਾਰੇ ਵੀ ਚਿੰਤਾ ਜ਼ਾਹਰ ਕੀਤੀ ਅਤੇ ਸੰਯੁਕਤ ਡਰੱਗ ਕੰਟਰੋਲਰ (ਭਾਰਤ) ਨੂੰ ਇਸ ਮੁੱਦੇ ਨਾਲ ਨਜਿੱਠਣ ਲਈ ਕੋਈ ਠੋਸ ਨੀਤੀ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਫਾਰਮਾਸਿਊਟੀਕਲ ਉਦਯੋਗ ਨੇ ਵਿਸ਼ਵ ਭਰ ਵਿੱਚ ਉੱਚ ਗੁਣਵੱਤਾ, ਕਿਫਾਇਤੀ ਅਤੇ ਆਸਾਨੀ ਨਾਲ ਪ੍ਰਾਪਤ ਹੋਣ ਵਾਲੀਆਂ ਦਵਾਈਆਂ ਨੂੰ ਯਕੀਨੀ ਬਣਾ ਕੇ ਵਿਸ਼ਵ ਸਿਹਤ ਸੰਭਾਲ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਹਨਾਂ ਅੱਗੇ ਕਿਹਾ ਕਿ ਭਾਰਤ ਨੂੰ ਗੁਣਵੱਤਾ ਵਾਲੇ ਜੈਨਰਿਕ ਕਿਫਾਇਤੀ ਮੈਡੀਕਲ ਉਤਪਾਦਾਂ ਲਈ ਵਿਸ਼ਵ ਫਾਰਮੇਸੀ ਵਜੋਂ ਜਾਣਿਆ ਜਾਂਦਾ ਹੈ।
ਡਾ ਬਲਬੀਰ ਸਿੰਘ ਨੇ ਕਿਹਾ, “ਭਾਰਤ ਜੈਨਰਿਕ ਦਵਾਈਆਂ ਦੇ ਲਿਹਾਜ਼ ਨਾਲ ਤੀਜਾ ਸਭ ਤੋਂ ਵੱਡਾ ਉਤਪਾਦਕ ਹੈ ਅਤੇ ਮੁੱਲ ਦੇ ਲਿਹਾਜ਼ ਨਾਲ 10ਵੇਂ ਨੰਬਰ ’ਤੇ ਹੈ। ਦੁਨੀਆ ਵਿੱਚ ਮਰੀਜ਼ਾਂ ਵੱਲੋਂ ਵਰਤੀ ਜਾਂਦੀ ਦਵਾਈ ਦੀ ਲਗਭਗ ਹਰ 5ਵੀਂ ਗੋਲੀ ਭਾਰਤ ਵਿੱਚ ਬਣਾਈ ਜਾਂਦੀ ਹੈ। ਕਮਿਸ਼ਨਰ ਐਫ.ਡੀ.ਏ, ਪੰਜਾਬ, ਡਾ. ਅਭਿਨਵ ਤ੍ਰਿਖਾ ਨੇ ਡਰੱਗਜ਼ ਐਂਡ ਕਾਸਮੈਟਿਕਸ ਐਕਟ/ਨਿਯਮਾਂ ਦੀਆਂ ਵਿਵਸਥਾਵਾਂ ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਲਈ ਆਨਲਾਈਨ ਲਾਇਸੈਂਸ, ਦਵਾਈਆਂ ਦੀ ਗੁਣਵੱਤਾ ਅਤੇ ਰੈਗੂਲੇਟਰੀ ਇਨਫੋਰਸਮੈਂਟ ਸਮੇਤ ਭਾਰਤ ਸਰਕਾਰ ਨਾਲ ਰਾਜਾਂ ਦੇ ਵੱਖ-ਵੱਖ ਸਾਂਝੇ ਮੁੱਦਿਆਂ ਨੂੰ ਹੱਲ ਕਰਨ ਲਈ ਇੱਕ ਸਮਰਪਿਤ ਪਲੇਟਫਾਰਮ ਵਿਕਸਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਨਫੋਰਸਮੈਂਟ ਅਫਸਰਾਂ ਦੇ ਹੁਨਰ ਅਤੇ ਸ਼ਖਸੀਅਤੀ ਵਿਕਾਸ ਲਈ ਅਜਿਹੇ ਸਿਖਲਾਈ ਪ੍ਰੋਗਰਾਮਾਂ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ ਅਤੇ ਸੀ.ਡੀ.ਐੱਸ.ਸੀ.ਓ. ਨੂੰ ਨਿਯਮਿਤ ਤੌਰ ’ਤੇ ਅਜਿਹੇ ਸਮਾਗਮਾਂ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਡਰੱਗਜ਼ ਰੈਗੂਲੇਟਰਾਂ ਦੀ ਸਮਰੱਥਾ ਵਧਾਉਣ ਲਈ ਪੰਜਾਬ, ਜੰਮੂ-ਕਸ਼ਮੀਰ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ 75 ਡਰੱਗ ਕੰਟਰੋਲ ਅਫਸਰਾਂ ਲਈ ਇਹ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।
ਇਸ ਸਿਖਲਾਈ ਦੌਰਾਨ ਵੱਖ-ਵੱਖ ਬੁਲਾਰੇ ਜਿਨ੍ਹਾਂ ਵਿੱਚ ਜੇਡੀਸੀ (1), ਸੀ.ਡੀ.ਐੱਸ.ਸੀ.ਓ. (ਮੁੱਖ ਦਫ਼ਤਰ), ਨਵੀਂ ਦਿੱਲੀ ਡਾ. ਐਸ.ਈ. ਰੈਡੀ, ਸਾਬਕਾ ਡਰੱਗ ਕੰਟਰੋਲਰ ਓਡੀਸ਼ਾ ਹਰੁਸ਼ੀਕੇਸ਼ ਮਹਾਪਾਤਰਾ, ਐਸੋਸੀਏਟ ਡਾਇਰੈਕਟਰ-ਕੁਆਲਟੀ ਆਪ੍ਰੇਸ਼ਨ ਹੈੱਡ, ਮੈਸਰਜ਼ ਸਿਪਲਾ ਲਿਮਟਿਡ ਸੌਰਵ ਘੋਸ਼, ਡੀ.ਜੀ.ਐਮ.- ਸਾਈਟ ਕੁਆਲਿਟੀ ਅਸ਼ੋਰੈਂਸ, ਮੈਸਰਜ਼ ਸਨ ਫਾਰਮਾ ਰਿਸ਼ੀ ਕੰਸਾਰਾ, ਅਤੇ ਐਨਪੀਪੀਏ ਦੇ ਹੋਰ ਅਧਿਕਾਰੀ ਭਾਗੀਦਾਰਾਂ ਲਈ ਸਿਖਲਾਈ ਸੈਸ਼ਨ ਆਯੋਜਿਤ ਕਰਨਗੇ।