ਸੁਨਾਮ : ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਲੋਕਾਂ ਨੂੰ ਡਾਇਰੀਆ ਅਤੇ ਡੇਂਗੂ ਤੋਂ ਬਚਾਅ ਲਈ ਸੁਚੇਤ ਕਰਦਿਆਂ ਸਾਵਧਾਨੀ ਵਰਤਣ ਲਈ ਆਖਿਆ। ਸਿਵਲ ਸਰਜਨ ਡਾਕਟਰ ਕਿਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਕੌਹਰੀਆਂ ਡਾਕਟਰ ਕਰਮਜੀਤ ਸਿੰਘ ਦੀ ਯੋਗ ਅਗਵਾਈ ਹੇਠ ਸਬ ਸੈਂਟਰ ਫਤਹਿਗੜ੍ਹ ਵਿਖੇ ਓ ਆਰ ਐਸ ਪੰਦਰਵਾੜਾ ਤਹਿਤ ਡਾਇਰੀਆ ਅਤੇ ਮਲੇਰੀਆ ਡੇਂਗੂ ਸਬੰਧੀ ਲੋਕਾਂ ਨੂੰ ਸਿੱਖਿਆ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਵਤਾਰ ਸਿੰਘ ਗੰਢੂਆਂ ਸਿਹਤ ਕਰਮਚਾਰੀ ਨੇ ਦੱਸਿਆ ਕੇ ਬਰਸਾਤਾਂ ਦੇ ਮੌਸਮ ਕਾਰਨ ਮਲੇਰੀਆ ਡੇਂਗੂ ਫੈਲਾਉਣ ਵਾਲਾ ਮੱਛਰ ਪੈਦਾ ਹੋ ਰਿਹਾ ਹੈ ਉਸ ਤੋਂ ਬਚਾਅ ਲਈ ਆਪਣੇ ਘਰਾਂ ਤੇ ਆਲੇ ਦੁਆਲੇ ਦੀ ਸਫਾਈ ਰੱਖੀ ਜਾਵੇ ਹਰ ਹਫਤੇ ਕੂਲਰਾਂ ਦਾ ਪਾਣੀ ਸੁਕਾਕੇ ਦੁਬਾਰਾ ਪਾਇਆ ਜਾਵੇ ਤਾਂ ਜੋ ਮੱਛਰ ਪੈਦਾ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਰਾਤ ਨੂੰ ਸੌਣ ਲੱਗੇ ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਮੱਛਰਦਾਨੀ ਜਾਂ ਗੁੱਡ ਨਾਈਟ, ਆਲ ਆਊਟ ਵਗੈਰਾ ਦਾ ਇਸਤੇਮਾਲ ਕੀਤਾ ਜਾਵੇ। ਓਆਰਐਸ ਪੰਦਰਵਾੜਾ ਤਹਿਤ ਜੇਕਰ ਕਿਸੇ ਨੂੰ ਵੀ ਡਾਇਰੀਏ ਦੀ ਸਮੱਸਿਆ ਆਉਂਦੀ ਹੈ ਤਾਂ ਓ ਆਰ ਐਸ ਦਾ ਘੋਲ ਤਿਆਰ ਕਰਕੇ ਉਸ ਦਾ ਹੀ ਪਾਣੀ ਪੀਤਾ ਜਾਵੇ, ਛੋਟੇ ਬੱਚਿਆਂ ਨੂੰ ਓਆਰਐਸ ਦੇ ਘੋਲ ਦੇ ਪੈਕਟ ਅਤੇ ਜਿੰਕ ਦੀ ਗੋਲੀਆਂ ਆਸ਼ਾ ਵਰਕਰਾਂ ਰਾਹੀਂ ਘਰੋਂ ਘਰੀਂ ਪਹੁੰਚਾ ਦਿੱਤੇ ਗਏ ਹਨ ਇਸ ਤੋਂ ਬਚਾਅ ਲਈ ਬਾਹਰ ਦਾ ਖਾਣਾ ਜੰਕ ਫੂਡ ਵਗੈਰਾ ਨਾ ਖਾਧਾ ਜਾਵੇ। ਫਲ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਉਸ ਤੋਂ ਬਾਅਦ ਵਰਤੋਂ ਵਿੱਚ ਲਿਆਂਦਾ ਜਾਵੇ, ਕੱਟਿਆ ਕੋਈ ਵੀ ਫਲ ਸਬਜੀ ਨਾ ਖਾਧੀ ਜਾਵੇ। ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ ਕਰਨਾ ਚਾਹੀਦਾ ਹੈ। ਇਸ ਮੌਕੇ ਸਿਹਤ ਕਰਮਚਾਰੀ ਹਰਪ੍ਰੀਤ ਕੌਰ ਆਂਗਣਵਾੜੀ ਵਰਕਰ ਹੈਲਪਰ ਤੇ ਸਕੂਲ ਸਟਾਫ ਹਾਜ਼ਰ ਸੀ।